UK ਚੋਣਾਂ ਅੱਜ: ਪੰਜਾਬੀ ਮੂਲ ਦੇ 15 ਉਮੀਦਵਾਰਾਂ ਸਣੇ ਕਈ ਅਜਮਾ ਰਹੇ ਨੇ ਕਿਸਮਤ

12/12/2019 3:03:07 PM

ਲੰਡਨ— ਬ੍ਰਿਟੇਨ 'ਚ ਅੱਜ ਆਮ ਚੋਣਾਂ ਹੋਣ ਜਾ ਰਹੀਆਂ ਹਨ ਤੇ 3,322 ਉਮੀਦਵਾਰਾਂ ਦਾ ਫੈਸਲਾ ਕਰਨ ਲਈ ਵੋਟਰ ਵੀ ਤਿਆਰ ਬੈਠੇ ਹਨ। ਉਂਝ ਤਾਂ ਇੱਥੇ 5 ਸਾਲ ਬਾਅਦ ਆਮ ਚੋਣਾਂ ਹੁੰਦੀਆਂ ਹਨ ਪਰ ਇਸ ਵਾਰ ਇੱਥੇ 4 ਸਾਲਾਂ ਵਿਚਕਾਰ ਤੀਜੀ ਵਾਰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਭਾਰਤੀਆਂ ਦਾ ਵੀ ਇਨ੍ਹਾਂ ਚੋਣਾਂ 'ਚ ਕਾਫੀ ਦਬਦਬਾ ਬਣਿਆ ਹੋਇਆ ਹੈ। ਲਗਭਗ 15 ਪੰਜਾਬੀ ਵੀ ਆਪਣੀ ਕਿਸਮਤ ਇਨ੍ਹਾਂ ਚੋਣਾਂ 'ਚ ਅਜਮਾ ਰਹੇ ਹਨ। ਭਾਰਤੀਆਂ ਨੇ ਚੋਣ ਅਖਾੜਾ ਭਖਾਇਆ ਹੋਇਆ ਹੈ।

 

ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਕੰਜ਼ਰਵੇਟਿਵ ਪਾਰਟੀ ਤੇ ਲੇਬਰ ਵਿਚਕਾਰ ਹੈ, ਜਦੋਂਕਿ ਕੁਝ ਰਿਪੋਰਟਾਂ 'ਚ ਗਠਜੋੜ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਚੋਣਾਂ ਵਿਚ ਭਾਰਤੀ ਮੂਲ ਦੇ ਬਹੁਚਰਚਿਤ ਚਿਹਰੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਰੈਡਿੰਗ ਤੋਂ ਅਲੋਕ ਸ਼ਰਮਾ, ਪੰਜਾਬੀ ਮੂਲ ਦੇ ਈਲਿੰਗ ਸਾਊਥਾਲ ਤੋਂ ਵਰਿੰਦਰ ਸ਼ਰਮਾ (ਲੇਬਰ ਪਾਰਟੀ), ਸਲੋਹ ਤੋਂ ਤਨਮਨਜੀਤ ਸਿੰਘ ਢੇਸੀ (ਲੇਬਰ ਪਾਰਟੀ), ਫੈਲਥਮ ਹੈਸਟਨ ਤੋਂ ਸੀਮਾ ਮਲਹੋਤਰਾ (ਲੇਬਰ ਪਾਰਟੀ), ਐਜ਼ਬਾਸਟਨ ਤੋਂ ਪ੍ਰੀਤ ਕੌਰ ਗਿੱਲ (ਲੇਬਰ ਪਾਰਟੀ), ਵਾਲਸਾਲ ਦੱਖਣੀ ਤੋਂ ਗੁਰਜੀਤ ਕੌਰ ਬੈਂਸ (ਕੰਜ਼ਰਵੇਟਿਵ ਪਾਰਟੀ), ਸਲੋਹ ਤੋਂ ਕੰਨਵਲ ਤੂਰ ਗਿੱਲ (ਕੰਜ਼ਰਵੇਟਿਵ ਪਾਰਟੀ), ਲੂਟਨ ਉੱਤਰੀ ਤੋਂ ਸੁਧੀਰ ਸ਼ਰਮਾ (ਬ੍ਰੈਗਜ਼ਿਟ ਪਾਰਟੀ), ਲੂਟਨ ਉੱਤਰੀ ਤੋਂ ਜੀਤ ਬੈਂਸ (ਕੰਜ਼ਰਵੇਟਿਵ ਪਾਰਟੀ), ਵੁਲਵਰਹੈਂਪਟਨ ਦੱਖਣ ਪੂਰਬੀ ਤੋਂ ਰਾਜ ਝੱਗਰ (ਬ੍ਰੈਗਜ਼ਿਟ ਪਾਰਟੀ), ਲੁਡਲੋ ਤੋਂ ਕੁਲਦੀਪ ਸਿੰਘ ਸਹੋਤਾ (ਲੇਬਰ ਪਾਰਟੀ), ਸਪਿਲਥਰੋਨ ਤੋਂ ਪਵਿੱਤਰ ਕੌਰ ਮਾਨ (ਲੇਬਰ ਪਾਰਟੀ), ਬਰੈਡਫੋਰਡ ਦੱਖਣੀ ਤੋਂ ਨਰਿੰਦਰ ਕੌਰ ਸੇਖੋਂ (ਕੰਜ਼ਰਵੇਟਿਵ), ਬਰੈਸਟਲ ਪੱਛਮੀ ਤੋਂ ਸੂਰੀਆ ਕੌਰ ਔਜਲਾ (ਕੰਜ਼ਰਵੇਟਿਵ), ਬਰਮਿੰਘਮ ਹੋਜ਼ ਹਿੱਲ ਤੋਂ ਅਕਾਲ ਸਿੰਘ ਸਿੱਧੂ (ਕੰਜ਼ਰਵੇਟਿਵ), ਪੂਰਬੀ ਡਨਬਾਰਟੋਨਸ਼ਾਇਰ ਤੋਂ ਪੈਮ ਕੌਰ ਗੋਸਲ ਬੈਂਸ (ਕੰਜ਼ਰਵੇਟਿਵ) ਆਦਿ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ ।

ਇੱਥੇ ਲਗਭਗ 46 ਮਿਲੀਅਨ ਵੋਟਰ 650 ਐੱਮ. ਪੀਜ਼. ਦੀ ਚੋਣ ਕਰਨਗੇ। ਕਿਸੇ ਵੀ ਪਾਰਟੀ ਨੂੰ ਜਿੱਤਣ ਲਈ 326 ਸੀਟਾਂ ਜਿੱਤਣ ਦੀ ਜ਼ਰੂਰਤ ਹੈ। 18 ਸਾਲ ਦਾ ਕੋਈ ਵੀ ਬਰਤਾਨਵੀ ਨਾਗਰਿਕ ਵੋਟ ਪਾਉਣ ਦਾ ਹੱਕਦਾਰ ਹੈ। ਵੋਟਰ ਸਵੇਰੇ 7 ਵਜੇ ਤੋਂ ਰਾਤ 10 ਵਜੇ ਤਕ ਵੋਟਾਂ ਪਾ ਸਕਦੇ ਹਨ।

ਕਿਹੜੀ ਪਾਰਟੀ ਵਲੋਂ ਕਿੰਨੇ ਹਲਕਿਆਂ 'ਚ ਖੜ੍ਹੇ ਉਮੀਦਵਾਰ—
ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵਲੋਂ 635 ਹਲਕਿਆਂ, ਲੇਬਰ ਪਾਰਟੀ ਵਲੋਂ 632, ਲਿਬਰਲ ਡੈਮੋਕ੍ਰੇਟਿਕ ਵਲੋਂ 611, ਗ੍ਰੀਨ ਪਾਰਟੀ ਵਲੋਂ 498, ਬ੍ਰੈਗਜ਼ਿਟ ਪਾਰਟੀ ਵਲੋਂ 275, ਸਕੌਟਿਸ਼ ਨੈਸ਼ਨਲ ਪਾਰਟੀ ਵਲੋਂ 59, ਪਲੇਡ ਸੇਮਰੂ ਵਲੋਂ 36 ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ।
 

ਬੈਲਟ ਪੇਪਰ 'ਤੇ ਵੋਟਿੰਗ—
ਪ੍ਰਾਇਮਰੀ ਸਕੂਲ, ਕਮਿਊਨਟੀ ਹਾਲ ਅਤੇ ਚਰਚਾਂ ਨੂੰ ਵੋਟਿੰਗ ਕੇਂਦਰ ਬਣਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇੱਥੇ ਬੈਲਟ ਪੇਪਰ 'ਤੇ ਵੋਟਿੰਗ ਹੁੰਦੀ ਹੈ। ਵੋਟਰ ਆਪਣੇ ਪਸੰਦ ਦੇ ਉਮੀਦਵਾਰ ਦੇ ਨਾਂ ਅੱਗੇ ਐਕਸ ਜਾਂ ਕਰਾਸ ਦਾ ਨਿਸ਼ਾਨ ਲਗਾਉਂਦੇ ਹਨ ਤੇ ਸੀਲਬੰਦ ਬਾਕਸ 'ਚ ਪਾ ਦਿੰਦੇ ਹਨ।

ਭਾਰਤੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼—
ਸਾਰੀਆਂ ਪਾਰਟੀਆਂ ਭਾਰਤੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ 'ਚ ਲੱਗੀਆਂ ਹਨ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਬਕਾਇਦਾ ਹਿੰਦੀ 'ਚ ਗਾਣਾ ਵੀ ਲਾਂਚ ਕੀਤਾ ਹੈ। ਬ੍ਰਿਟੇਨ ਦੀ ਕੁੱਲ ਆਬਾਦੀ ਤਕਰੀਬਨ 6 ਕਰੋੜ ਹੈ। ਇਸ ਆਬਾਦੀ ਦਾ 2.5 ਫੀਸਦੀ ਭਾਰਤੀ ਹਨ। ਬ੍ਰੈਡਫਰਡ ਵਰਗੇ ਇਲਾਕਿਆਂ ਨੇ ਭਾਰਤੀਆਂ ਦਾ ਖਾਸ ਦਬਦਬਾ ਹੈ। ਇਸ ਲਈ ਉਨ੍ਹਾਂ ਨੂੰ ਖਾਸ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਜਲ੍ਹਿਆਂਵਾਲਾ ਬਾਗ ਅਤੇ 370 ਦੇ ਨਾਂ 'ਤੇ ਵੋਟ ਮੰਗ ਰਹੀ ਹੈ। ਓਧਰ ਲੇਬਰ ਪਾਰਟੀ ਵੀ ਭਾਰਤੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਮੁਤਾਬਕ ਜੇਕਰ ਉਹ ਜਿੱਤਦੇ ਹਨ ਤਾਂ ਉਹ ਜਲ੍ਹਿਆਂਵਾਲਾ ਹੱਤਿਆਕਾਂਡ ਲਈ ਰਸਮੀ ਰੂਪ 'ਚ ਮੁਆਫੀ ਮੰਗਣਗੇ। ਇਸ ਨੇ ਸਕੂਲੀ ਸਿਲੇਬਸ 'ਚ ਬ੍ਰਿਟਿਸ਼ ਸੂਬੇ ਦੇ ਅੱਤਿਆਚਾਰਾਂ ਨੂੰ ਵੀ ਸ਼ਾਮਲ ਕਰਨ ਦੀ ਗੱਲ ਆਖੀ ਹੈ।

ਕੰਜ਼ਰਵੇਟਿਵ ਪਾਰਟੀ ਦੇ ਬੋਰਿਸ ਜਾਨਸਨ 'ਬ੍ਰੈਗਜ਼ਿਟ' ਲਾਗੂ ਕਰਾਉਣ ਅਤੇ ਲੇਬਰ ਪਾਰਟੀ ਦੇ ਜੈਰੇਮੀ ਕੌਰਬਿਨ 'ਭਵਿੱਖ ਲਈ ਵੋਟ' ਦੇ ਸਹਾਰੇ ਸੱਤਾ ਹਾਸਲ ਕਰਨ ਦੇ ਚਾਹਵਾਨ ਹਨ। ਲਿਬਰਲ ਡੈਮੋਕ੍ਰੇਟਿਕ ਆਗੂ ਜੋਅ ਸਵਿਨਸਨ ਯੂ.ਕੇ. ਦੇ ਯੂਰਪੀਅਨ ਯੂਨੀਅਨ ਤੋਂ ਵੱਖ ਨਾ ਹੋਣ ਦਾ ਨਾਅਰਾ ਬੁਲੰਦ ਕਰ ਰਹੇ ਹਨ। ਸਕੌਟਿਸ਼ ਨੈਸ਼ਨਲ ਪਾਰਟੀ ਦੇ ਆਗੂ ਨਿਕੋਲਾ ਸਟਰਜਿਓਨ ਵੀ ਵੋਟਰਾਂ ਨੂੰ ਆਪਣੇ ਪੱਖ 'ਚ ਕਰਨ ਲਈ ਜੁਟੇ ਹੋਏ ਹਨ। ਜ਼ਿਕਰਯੋਗ ਹੈ ਕਿ ਕੱਲ ਭਾਵ 13 ਦਸੰਬਰ ਨੂੰ ਇਨ੍ਹਾਂ ਚੋਣਾਂ ਦੇ ਨਤੀਜੇ ਆ ਜਾਣਗੇ।