ਯੂਕੇ : ਕੌਂਸਲ ਚੋਣਾਂ ''ਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ 9 ਪੰਜਾਬੀ ਰਹੇ ਜੇਤੂ

05/10/2021 2:15:20 PM

ਲੰਡਨ (ਬਿਊਰੋ): ਯੂਕੇ ਵਿਚ ਹੋਈਆਂ ਕੌਂਸਲ ਚੋਣਾਂ ਦੇ ਇਸ ਵਾਰ ਸ਼ਾਨਦਾਰ ਨਤੀਜੇ ਰਹੇ। ਨਤੀਜਿਆਂ ਮੁਤਾਬਕ ਸਲੋਹ ਵਿਚ ਲੇਬਰ ਪਾਰਟੀ ਦੀ ਚੜ੍ਹਤ ਬਰਕਰਾਰ ਰਹੀ। ਉਹ 14 ਕੌਂਸਲ ਸੀਟਾਂ ਵਿਚੋਂ 11 ਸੀਟਾਂ 'ਤੇ ਜੇਤੂ ਰਹੀ, ਬਾਕੀ ਬਚੀਆਂ ਵਿਚੋਂ 2 'ਤੇ ਕੰਜ਼ਰਵੇਟਿਵ ਅਤੇ ਇਕ ਸੀਟ 'ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ। ਜ਼ਿਕਰਯੋਗ ਹੈ ਕਿ ਜਿੱਤਣ ਵਾਲਿਆਂ ਵਿਚੋਂ ਲੇਬਰ ਪਾਰਟੀ ਦੇ ਜੋਗਿੰਦਰ ਸਿੰਘ ਬੱਲ, ਬਲਵਿੰਦਰ ਕੌਰ ਗਿੱਲ, ਗੁਰਦੀਪ ਸਿੰਘ ਗਰੇਵਾਲ, ਕਮਲਜੀਤ ਕੌਰ ਬਨੂੰੜ ਅਤੇ ਸਤਪਾਲ ਸਿੰਘ ਪਰਮਾਰ ਚੜ੍ਹਦੇ ਪੰਜਾਬ ਨਾਲ ਸਬੰਧਤ ਹਨ ਜਦਕਿ ਲੇਬਰ ਪਾਰਟੀ ਦੇ ਹਕੀਕ ਸੰਧੂ, ਨਵੀਦਾ ਕਾਸਿਮ ਅਤੇ ਇਸ਼ਮ ਹੁਸੈਨ ਲਹਿੰਦੇ ਪੰਜਾਬ ਨਾਲ ਸਬੰਧਤ ਹਨ। 

ਆਜ਼ਾਦ ਉਮੀਦਵਾਰ ਵਜੋਂ ਮਾਧੁਰੀ ਬੇਦੀ ਨੇ ਜਿੱਤ ਹਾਸਲ ਕੀਤੀ ਹੈ ਜਿਸ ਦਾ ਸੰਬੰਧ ਵੀ ਚੜ੍ਹਦੇ ਪੰਜਾਬ ਨਾਲ ਹੈ। ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਲੇਬਰ ਪਾਰਟੀ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਲੋਹ ਵਾਸੀਆਂ ਨੇ ਲੇਬਰ ਪਾਰਟੀ ਵਿਚ ਆਪਣਾ ਭਰੋਸਾ ਬਰਕਰਾਰ ਰੱਖਿਆ ਹੈ। ਅਸੀਂ ਮਿਲ ਕੇ ਸਲੋਹ ਦੀ ਬਿਹਤਰੀ ਲਈ ਕੰਮ ਕਰਾਂਗੇ।

ਗ੍ਰੈਵਸ਼ੈਮ ਤੋਂ ਸਮੀਰ ਜੱਸਲ ਬਣੇ ਕੌਂਸਲਰ
ਕੰਜ਼ਰਵੇਟਿਵ ਪਾਰਟੀ ਦੇ ਆਗੂ ਸਮੀਰ ਜੱਸਲ ਨੇ ਗ੍ਰੈਵਸ਼ੈਮ ਦੇ ਵੈਸਟਕੋਰਟ ਵਾਰਡ ਤੋਂ ਇਤਿਹਾਸਿਕ ਜਿੱਤ ਦਰਜ ਕੀਤੀ ਹੈ। ਉਹਨਾਂ ਨੇ ਲੇਬਰ ਪਾਰਟੀ ਦੀ ਕਰੀਓ ਓ ਮੈਲੇ ਨੂੰ 43 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਹ ਸੀਟ ਲੇਬਰ ਪਾਰਟੀ ਦੇ ਕੌਂਸਲਰ ਕੌਲਿਨ ਕਾਲਰ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਮਹਿਲਾ ਦਾ ਵੱਡਾ ਦਾਅਵਾ, ਏਲੀਅਨਜ਼ ਨੇ 50 ਵਾਰ ਕੀਤਾ ਅਗਵਾ

ਇਹ ਵੱਕਾਰੀ ਸੀਟ ਹਾਰਨ ਤੋਂ ਬਾਅਦ ਹੁਣ ਲੇਬਰ ਪਾਰਟੀ ਦੇ 22, ਕੰਜ਼ਰਵੇਟਿਵ ਪਾਰਟੀ ਦੇ 20 ਅਤੇ ਦੋ ਆਜ਼ਾਦ ਕੌਂਸਲਰ ਸਨ। ਸਮੀਰ ਜੱਸਲ ਨੇ ਕਿਹਾ ਕਿ ਇਹਨਾਂ ਚੋਣਾਂ ਵਿਚ ਉਹਨਾਂ ਖ਼ਿਲਾਫ਼ ਬਹੁਤ ਗਲਤ ਪ੍ਰਚਾਰ ਕੀਤਾ ਗਿਆ ਸੀ ਪਰ ਲੋਕਾਂ ਨੇ ਉਹਨਾਂ ਵਿਚ ਪੂਰਾ ਭਰੋਸਾ ਦਿਖਾਇਆ ਹੈ। ਉਹ ਹਲਕੇ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਸਮੀਰ ਜੱਸਲ ਨੂੰ ਪੀ.ਐਮ.ਬੋਰਿਸ ਜਾਨਸਨ ਦਾ ਕਰੀਬੀ ਮੰਨਿਆ ਜਾਂਦਾ ਹੈ।

Vandana

This news is Content Editor Vandana