ਯੂ. ਕੇ. : ਗਲਾਸਗੋ ''ਤੇ ਮੰਡਰਾ ਰਿਹੈ ਕੋਰੋਨਾ ਦਾ ਖ਼ਤਰਾ, ਬਣ ਸਕਦੈ ਵਾਇਰਸ ਦਾ ਗੜ੍ਹ

09/09/2020 8:22:26 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੀ ਸੰਘਣੀ ਵਸੋਂ ਵਾਲ਼ਾ ਸ਼ਹਿਰ ਗਲਾਸਗੋ ਮੁੜ ਕੋਰੋਨਾ ਦਾ ਸ਼ਿਕਾਰ ਹੋ ਸਕਦਾ ਹੈ ਤੇ ਇਹ 99 ਫੀਸਦੀ ਖ਼ਤਰੇ 'ਚ ਦੱਸਿਆ ਜਾ ਰਿਹਾ ਹੈ। ਗਲਾਸਗੋ ਅਤੇ ਪੱਛਮੀ ਡਨਬਰਟਨਸ਼ਾਇਰ ਬਾਰੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਇਲਾਕੇ ਬਰਤਾਨੀਆ ਭਰ ਵਿੱਚੋਂ ਸਭ ਤੋਂ ਵਧੇਰੇ ਖ਼ਤਰੇ ਵਾਲੇ ਬਣ ਸਕਦੇ ਹਨ ਭਾਵ ਇਹ ਵਾਇਰਸ ਦੇ ਗੜ੍ਹ ਬਣ ਸਕਦੇ ਹਨ। 

ਇੰਪੀਰੀਅਲ ਕਾਲਜ ਲੰਡਨ ਦੇ ਅਨੁਮਾਨ ਅਨੁਸਾਰ ਇੱਕ ਲੱਖ ਵਸੋਂ ਪਿੱਛੇ 50 ਮਾਮਲਿਆਂ ਵਾਲੇ ਇਲਾਕੇ ਨੂੰ "ਹੌਟਸਪੌਟ" ਕਿਹਾ ਜਾਂਦਾ ਹੈ ਤੇ 12 ਸਤੰਬਰ ਤੋਂ ਪਹਿਲਾਂ ਗਲਾਸਗੋ ਵਿਚ ਇੱਕ ਲੱਖ ਵਸੋਂ ਪਿੱਛੇ ਮਾਮਲਿਆਂ ਦਾ ਅੰਕੜਾ 92 ਤੱਕ ਪਹੁੰਚ ਸਕਦਾ ਹੈ। ਵੈਸਟ ਡਨਬਰਟਨਸ਼ਾਇਰ ਵਿੱਚ ਮਾਮਲੇ 83 ਤੱਕ ਪਹੁੰਚ ਸਕਦੇ ਹਨ ਤੇ ਰੈਨਫਰਿਊਸ਼ਾਇਰ 'ਚ ਇਹ ਅੰਕੜਾ 54 ਤੱਕ ਪਹੁੰਚ ਸਕਦਾ ਹੈ।

ਕੋਰੋਨਾ ਵਾਇਰਸ ਦੇ ਮੁੜ ਫੈਲਣ ਸੰਬੰਧੀ ਗਲਾਸਗੋ ਸਿਰ ਖ਼ਤਰੇ ਦੇ ਬੱਦਲ 99 ਫੀਸਦੀ, ਡਨਬਰਟਨਸ਼ਾਇਰ 96 ਫੀਸਦੀ ਤੇ ਰੈਨਫਰਿਊਸ਼ਾਇਰ 'ਚ 81 ਫੀਸਦੀ ਮੰਡਰਾ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦੋ ਹਫ਼ਤਿਆਂ ਦੀਆਂ ਤਾਲਾਬੰਦੀ ਪਾਬੰਦੀਆਂ ਤੋਂ ਬਾਅਦ ਹੋਈ ਸਮੀਖਿਆ ਪਿੱਛੋਂ ਗਲਾਸਗੋ, ਵੈਸਟ ਡਨਬਰਟਨਸ਼ਾਇਰ ਤੇ ਈਸਟ ਰੈਨਫਰਿਊਸ਼ਾਇਰ ਦੇ ਨਾਲ ਈਸਟ ਡਨਬਰਟਨਸ਼ਾਇਰ ਤੇ ਰੈਨਫਰਿਊਸ਼ਾਇਰ ਦੇ ਬਾਕੀ ਇਲਾਕੇ ਵੀ ਜੋੜ ਦਿੱਤੇ ਗਏ ਹਨ ਜੋ ਅਗਲੇ ਇੱਕ ਹਫ਼ਤੇ ਤੱਕ ਹੋਰ ਤਾਲਾਬੰਦੀ ਪਾਬੰਦੀਆਂ ਦੇ ਘੇਰੇ 'ਚ ਰਹਿਣਗੇ। ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦੋਸਤਾਂ ਮਿੱਤਰਾਂ ਦੇ ਘਰਾਂ ਅਤੇ ਇਕੱਠਾਂ 'ਚ ਜਾਣ ਤੋਂ ਸੰਕੋਚ ਕਰਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਖ਼ਤਰਾ ਵਧਦਾ ਜਾ ਰਿਹਾ ਹੈ, ਇਸ ਨੂੰ ਦੇਖਦਿਆਂ ਸਾਵਧਾਨੀ ਹੀ ਸਭ ਤੋਂ ਵੱਡਾ ਇਲਾਜ ਹੈ।
 

Lalita Mam

This news is Content Editor Lalita Mam