ਕੌਫੀ ਪੀਣਾ ਸਿਹਤ ਲਈ ਨਹੀਂ ਖਤਰਨਾਕ : ਅਧਿਐਨ

06/10/2019 12:47:07 PM

ਬ੍ਰਿਟੇਨ (ਬਿਊਰੋ)— ਮਨੁੱਖੀ ਸਿਹਤ ਸਬੰਧੀ ਕਈ ਤਰ੍ਹਾਂ ਦੇ ਅਧਿਐਨ ਕੀਤੇ ਜਾਂਦੇ ਹਨ। ਹਾਲ ਹੀ ਵਿਚ ਕੌਫੀ ਪੀਣ ਸਬੰਧੀ ਇਕ ਨਵੇਂ ਅਧਿਐਨ ਵਿਚ ਵੱਡਾ ਦਾਅਵਾ ਕੀਤਾ ਗਿਆ। ਪਹਿਲਾਂ ਦੇ ਅਧਿਐਨਾਂ ਵਿਚ ਪਾਇਆ ਗਿਆ ਸੀ ਕਿ ਇਕ ਦਿਨ ਵਿਚ 25 ਕੱਪ ਕੌਫੀ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਪਰ ਨਵੇਂ ਅਧਿਐਨ ਦੀ ਰਿਪੋਰਟ ਮੁਤਾਬਕ ਕੌਫੀ ਪੀਣਾ ਧਮਨੀਆਂ ਲਈ ਉਨਾ ਵੀ ਹਾਨੀਕਾਰਕ ਨਹੀਂ। 

ਸੋਮਵਾਰ ਨੂੰ ਸਾਹਮਣੇ ਆਏ ਇਕ ਨਵੇਂ ਅਧਿਐਨ ਮੁਤਾਬਕ ਧਮਨੀਆਂ ਸਾਡੇ ਦਿਲ ਤੋਂ ਆਕਸੀਜਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਲਹੂ ਨੂੰ ਪੂਰੇ ਸਰੀਰ ਤੱਕ ਪਹੁੰਚਾਉਂਦੀਆਂ ਹਨ। ਜੇਕਰ ਧਮਨੀਆਂ ਦਾ ਲਚੀਲਾਪਨ ਖਤਮ ਹੁੰਦਾ ਹੈ ਅਤੇ ਇਹ ਸਖਤ ਹੋ ਜਾਂਦੀਆਂ ਹਨ ਤਾਂ ਦਿਲ 'ਤੇ ਜ਼ੋਰ ਪੈਂਦਾ ਹੈ। ਇਸ ਨਾਲ ਵਿਅਕਤੀ ਨੂੰ ਹਾਰਟ ਅਟੈਕ ਹੋਣ ਦਾ ਖਤਰਾ ਵੱਧ ਜਾਂਦਾ ਹੈ। ਬ੍ਰਿਟੇਨ ਦੀ ਕਵੀਨ ਮੈਰੀ ਲੰਡਨ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਦੇ ਇਸ ਅਧਿਐਨ ਵਿਚ 8 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਹ ਅਧਿਐਨ ਪਹਿਲਾਂ ਦੇ ਅਧਿਐਨਾਂ ਨੂੰ ਗਲਤ ਸਾਬਤ ਕਰਦਾ ਹੈ, ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੌਫੀ ਪੀਣ ਨਾਲ ਧਮਨੀਆਂ ਸਖਤ ਹੋ ਜਾਂਦੀਆਂ ਹਨ। 

ਸ਼ੋਧ ਕਰਤਾਵਾਂ ਨੇ ਕਿਹਾ ਕਿ ਕੌਫੀ ਪੀਣ ਨੂੰ ਧਮਨੀਆਂ ਦੀ ਸਖਤੀ ਨਾਲ ਜੋੜਨ ਵਾਲੇ ਪਹਿਲੇ ਅਧਿਐਨ ਆਪਸ ਵਿਚ ਵਿਰੋਧੀ ਸਨ ਅਤੇ ਭਾਗੀਦਾਰਾਂ ਦੀ ਗਿਣਤੀ ਘੱਟ ਹੋਣ ਕਾਰਨ ਇਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਹਾਲ ਹੀ ਵਿਚ ਕੀਤੇ ਅਧਿਐਨ ਲਈ ਕੌਫੀ ਦੀ ਖਪਤ ਨੂੰ 3 ਸ਼੍ਰੇਣੀਆਂ ਵਿਚ ਵੰਡਿਆ ਗਿਆ ਸੀ। ਪਹਿਲਾ ਜਿਹੜੇ ਇਕ ਦਿਨ ਵਿਚ ਇਕ ਕੱਪ ਤੋਂ ਘੱਟ ਕੌਫੀ ਪੀਂਦੇ ਹਨ, ਦੂਜਾ ਜਿਹੜੇਰੋਜ਼ਾਨਾ ਇਕ ਤੋਂ ਤਿੰਨ ਕੱਪ ਅਤੇ ਤੀਜਾ ਜਿਹੜੇ ਤਿੰਨ ਕੱਪ ਤੋਂ ਜ਼ਿਆਦਾ ਕੌਫੀ ਪੀਂਦੇ ਹਨ। 

ਇਕ ਦਿਨ ਵਿਚ 25 ਕੱਪ ਤੋਂ ਜ਼ਿਆਦਾ ਕੌਫੀ ਪੀਣ ਵਾਲੇ ਲੋਕਾਂ ਨੂੰ ਅਧਿਐਨ ਵਿਚੋਂ ਬਾਹਰ ਰੱਖਿਆ ਗਿਆ ਪਰ ਇਸ ਉੱਚ ਸੀਮਾ ਤੱਕ ਦੀ ਕੌਫੀ ਪੀਣ ਵਾਲੇ ਲੋਕਾਂ ਦੀ ਤੁਲਨਾ ਜਦੋਂ ਇਕ ਕੱਪ ਕੌਫੀ ਪੀਣ ਵਾਲਿਆਂ ਨਾਲ ਕੀਤੀ ਗਈ ਤਾਂ ਉਨ੍ਹਾਂ ਦੀਆਂ ਧਮਨੀਆਂ ਵਿਚ ਸਖਤੀ ਵੱਧ ਜਾਣ ਜਿਹਾ ਕੁਝ ਨਹੀਂ ਪਾਇਆ ਗਿਆ।

Vandana

This news is Content Editor Vandana