UK : ਸੰਸਦ ''ਚ ਭਾਰਤੀ ਮੂਲ ਦੇ ਮੰਤਰੀ ਦੀ ਸਿਹਤ ਵਿਗੜੀ, ਕਰਵਾਇਆ ਕੋਰੋਨਾ ਟੈਸਟ

06/04/2020 9:13:45 AM

ਲੰਡਨ : ਯੂ. ਕੇ. ਸੰਸਦ ਵਿਚ ਇਕ ਮਹੱਤਵਪੂਰਣ ਬਿੱਲ ਬਾਰੇ ਚਰਚਾ ਦੌਰਾਨ ਸਿਹਤ ਵਿਗੜਨ ਤੋਂ ਬਾਅਦ ਭਾਰਤੀ ਮੂਲ ਦੇ ਕੈਬਨਿਟ ਮੰਤਰੀ ਅਲੋਕ ਸ਼ਰਮਾ ਦਾ ਕੋਵਿਡ-19 ਟੈਸਟ ਕੀਤਾ ਗਿਆ ਹੈ। ਸੰਸਦ ਵਿਚ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ਅਤੇ ਫਿਲਹਾਲ ਉਹ ਘਰ ਵਿਚ ਇਕਾਂਤਵਾਸ ਹੋ ਗਏ ਹਨ।

52 ਸਾਲਾ ਬਿਜ਼ਨੈਸ ਸਕੱਤਰ ਅਲੋਕ ਸ਼ਰਮਾ ਸੰਸਦ ਵਿਚ ਕਾਰਪੋਰੇਟ ਇਨਸੋਲਵੈਂਸੀ ਅਤੇ ਗਵਰਨੈਂਸ ਬਿੱਲ ਬਾਰੇ ਵਿਸਥਾਰ ਜਾਣਕਾਰੀ ਦੇ ਰਹੇ ਸਨ, ਜੋ ਕਿ ਲਾਕਡਾਊਨ ਕਾਰਨ ਪ੍ਰਭਾਵਿਤ ਕਾਰੋਬਾਰਾਂ ਦੀ ਮਦਦ ਲਈ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਅਲੋਕ ਸ਼ਰਮਾ ਕਾਫੀ ਅਸਹਿਜ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਸ਼ਰਮਾ ਦਾ ਕੋਰੋਨਾ ਵਾਇਰਸ ਟੈਸਟ ਕੀਤਾ ਗਿਆ ਹੈ, ਜਿਸ ਦੀ ਰਿਪੋਰਟ 2 ਦਿਨਾਂ ਵਿਚ ਆਵੇਗੀ। ਜੇਕਰ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ 7 ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣਾ ਪਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਨੂੰ ਸਿਹਤ ਵਿਭਾਗ ਨੂੰ ਇਹ ਜਾਣਕਾਰੀ ਦੇਣੀ ਹੋਵੇਗੀ ਕਿ ਉਹ ਕਿੱਥੇ-ਕਿੱਥੇ ਗਏ ਹਨ ਅਤੇ ਕਿਸ ਨੂੰ ਮਿਲੇ ਹਨ। ਜਿਹੜਾ ਵੀ ਉਨ੍ਹਾਂ ਨਾਲ ਨੇੜਲੇ ਸੰਪਰਕ ਵਿਚ ਰਿਹਾ ਹੈ ਉਸ ਨੂੰ ਘਰ ਵਿਚ 14 ਦਿਨਾਂ ਲਈ ਆਪਣੇ ਆਪ ਨੂੰ ਅਲੱਗ-ਥਲੱਗ ਕਰਨ ਲਈ ਕਿਹਾ ਜਾਵੇਗਾ। ਆਗਰਾ ਵਿਚ ਪੈਦਾ ਹੋਏ ਸ਼ਰਮਾ ਨਿੱਜੀ ਤੌਰ 'ਤੇ ਡਾਉਨਿੰਗ ਸਟ੍ਰੀਟ ਵਿਚ ਮੰਗਲਵਾਰ ਦੀ ਕੈਬਨਿਟ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਮੰਤਰੀਆਂ ਵਿਚੋਂ ਇਕ ਸਨ।


Lalita Mam

Content Editor

Related News