UK ''ਚ Oxford ਟੀਕੇ ਨੂੰ ਹਰੀ ਝੰਡੀ, ਭਾਰਤ ਵੀ ਦੇ ਸਕਦੈ ਜਲਦ ਮਨਜ਼ੂਰੀ

12/30/2020 11:11:47 PM

ਲੰਡਨ- ਬ੍ਰਿਟੇਨ ਦੇ ਰੈਗੂਲੇਟਰ ਐੱਮ. ਐੱਚ. ਆਰ. ਏ. ਨੇ ਆਕਸਫੋਰਡ-ਐਸਟ੍ਰਜ਼ੈਨੇਕਾ ਕੋਵਿਡ-19 ਟੀਕੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਯੂ. ਕੇ. ਵਿਚ ਐਮਰਜੈਂਸੀ ਵਿਚ ਇਹ ਟੀਕਾ ਅਗਲੇ ਹਫ਼ਤੇ ਲਾਉਣਾ ਸ਼ੁਰੂ ਕੀਤਾ ਜਾ ਸਕਦਾ ਹੈ। ਐਸਟ੍ਰਜ਼ੈਨੇਕਾ ਨੇ ਬਿਆਨ ਵਿਚ ਕਿਹਾ ਕਿ ਟੀਕੇ ਦੀਆਂ ਖੁਰਾਕਾਂ ਦੀ ਪਹਿਲੀ ਖੇਪ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਵੇਂ ਸਾਲ ਦੇ ਸ਼ੁਰੂ ਵਿਚ ਟੀਕਾਕਰਨ ਸ਼ੁਰੂ ਹੋ ਸਕੇ।

ਐਸਟ੍ਰਜ਼ੈਨੇਕਾ ਦੇ ਮੁੱਖ ਕਾਰਜਕਾਰੀ ਪਾਸਕਲ ਸੋਰੀਓਟ ਨੇ ਕਿਹਾ, ''ਅੱਜ ਯੂ. ਕੇ. ਦੇ ਲੱਖਾਂ ਲੋਕਾਂ ਲਈ ਅਹਿਮ ਦਿਨ ਹੈ, ਜਿਨ੍ਹਾਂ ਨੂੰ ਇਸ ਨਵੇਂ ਟੀਕੇ ਦੀ ਸੁਵਿਧਾ ਮਿਲੇਗੀ। ਇਹ ਟੀਕਾ ਅਸਰਦਾਰ, ਸਹਿਣਯੋਗ ਹੈ ਅਤੇ ਇਸ ਦੀ ਆਸਾਨੀ ਨਾਲ ਸਪਲਾਈ ਕੀਤੀ ਜਾ ਸਕਦੀ ਹੈ।"

ਯੂ. ਕੇ. ਵਿਚ ਆਕਸਫੋਰਡ-ਐਸਟ੍ਰਾਜ਼ੈਨੇਕਾ ਕੋਵਿਡ-19 ਟੀਕੇ ਨੂੰ ਮਨਜ਼ੂਰੀ ਮਿਲਣ ਨਾਲ ਭਾਰਤੀ ਰੈਗੂਲੇਟਰ ਵੀ ਇਸ ਨੂੰ ਜਲਦ ਮਨਜ਼ੂਰੀ ਦੇਣ 'ਤੇ ਵਿਚਾਰ ਕਰ ਸਕਦਾ ਹੈ। ਭਾਰਤ ਵਿਚ ਇਸ ਟੀਕੇ ਦੇ ਸ਼ਾਟ ਸੀਰਮ ਇੰਸਟੀਚਿਊਟ ਤਿਆਰ ਕਰ ਰਿਹਾ ਹੈ ਅਤੇ ਉਸ ਵੱਲੋਂ ਇੱਥੇ ਕੀਤੇ ਗਏ ਟ੍ਰਾਇਲਜ਼ ਦੇ ਅੰਕੜੇ ਵੀ ਜਮ੍ਹਾ ਕਰਾਏ ਗਏ ਹਨ। ਭਾਰਤ ਜਨਵਰੀ ਤੱਕ ਸੰਭਾਵਤ ਟੀਕੇ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਅਜਿਹੇ ਵਿਚ ਆਕਸਫੋਰਡ ਦਾ ਕੋਵਿਡ-19 ਟੀਕਾ ਭਾਰਤ 'ਚ ਡਰੱਗ ਰੈਗੂਲੇਟਰ ਤੋਂ ਐਮਰਜੈਂਸੀ ਮਨਜ਼ੂਰੀ ਪ੍ਰਾਪਤ ਕਰਨ ਵਾਲਾ ਪਹਿਲਾ ਟੀਕਾ ਹੋ ਸਕਦਾ ਹੈ। ਗੌਰਤਲਬ ਹੈ ਕਿ ਬ੍ਰਿਟੇਨ ਵਿਚ ਫਾਈਜ਼ਰ ਟੀਕੇ ਨੂੰ ਵੀ ਮਨਜ਼ੂਰੀ ਮਿਲੀ ਹੋਈ ਹੈ, ਜਿਸ ਨਾਲ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਭਾਰਤ ਸਰਕਾਰ ਨੇ UK ਤੋਂ ਉਡਾਣਾਂ ’ਤੇ ਰੋਕ ਦੀ ਵਧਾਈ ਤਾਰੀਖ਼

Sanjeev

This news is Content Editor Sanjeev