ਭਾਰਤੀ ਕਿਸਾਨਾਂ ਦੇ ਸਮਰਥਨ ''ਚ ਖੁੱਲ੍ਹ ਕੇ ਸਾਹਮਣੇ ਆਏ ਬ੍ਰਿਟੇਨ ਅਤੇ ਕੈਨੇਡਾ ਦੇ ਸਾਂਸਦ

12/01/2020 6:04:58 PM

ਇੰਟਰਨੈਸ਼ਨਲ ਡੈਸਕ (ਬਿਊਰੋ): ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨ ਦੇ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ 6ਵੇਂ ਦਿਨ ਵੀ ਜਾਰੀ ਹੈ। ਦੋ ਮਹੀਨੇ ਤੱਕ ਪੰਜਾਬ ਵਿਚ ਪ੍ਰਦਰਸ਼ਨਾਂ ਦੇ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਰੁੱਖ਼ ਕੀਤਾ ਹੈ। ਸਾਰੇ ਕਿਸਾਨ ਸੰਗਠਨਾਂ ਦੀ ਇਕ ਹੀ ਮੰਗ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (MSP) 'ਤੇ ਸਰਕਾਰ ਪੱਕਾ ਵਾਅਦਾ ਕਰੇ ਅਤੇ ਇਸ ਨੂੰ ਕਾਨੂੰਨ ਵਿਚ ਸ਼ਾਮਲ ਕਰੇ। ਹੁਣ ਇਸ ਵਿਰੋਧ ਪ੍ਰਦਰਸ਼ਨ ਨੂੰ ਬ੍ਰਿਟੇਨ, ਕੈਨੇਡਾ ਅਤੇ ਅਮਰੀਕਾ ਦੇ ਕਈ ਸਾਂਸਦਾਂ ਦਾ ਵੀ ਸਮਰਥਨ ਮਿਲ ਰਿਹਾ ਹੈ।

ਬ੍ਰਿਟੇਨ ਦੇ ਲੇਬਰ ਪਾਰਟੀ ਦੇ ਸਾਂਸਦ ਅਤੇ ਰੇਲ ਮੰਤਰੀ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕੀਤਾ, ਇਹ ਬਹੁਤ ਹੀ ਵੱਖਰੀ ਤਰ੍ਹਾਂ ਦੇ ਲੋਕ ਹਨ ਜੋ ਆਪਣਾ ਦਮਨ ਕਰਨ ਵਾਲੇ ਲੋਕਾਂ ਦਾ ਹੀ ਪੇਟ ਭਰਦੇ ਹਨ। ਮੈਂ ਪੰਜਾਬ ਅਤੇ ਭਾਰਤ ਦੇ ਬਾਕੀ ਰਾਜਾਂ ਦੇ ਕਿਸਾਨਾਂ, ਆਪਣੇ ਦੋਸਤਾਂ ਅਤੇ ਪਰਿਵਾਰ ਦੇ ਲੋਕਾਂ ਦੇ ਨਾਲ ਖੜ੍ਹਾ ਹਾਂ ਜੋ #FarmersBill2020 ਦੇ ਤਹਿਤ ਹੋਣ ਵਾਲੇ ਨਿੱਜੀਕਰਨ ਦਾ ਵਿਰੋਧ ਕਰ ਰਹੇ ਹਨ।

ਲੇਬਰ ਪਾਰਟੀ ਦੇ ਹੀ ਸਾਂਸਦ ਜੌਨ ਮੈਕਡੋਨਲ ਨੇ ਤਨਮਨਜੀਤ ਸਿੰਘ ਢੇਸੀ ਦਾ ਸਮਰਥਨ ਕੀਤਾ। ਉਹਨਾਂ ਨੇ ਲਿਖਿਆ,ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਪ੍ਰਤੀ ਦਮਨਕਾਰੀ ਰਵੱਈਆ ਅਸਵੀਕਾਰਯੋਗ ਹੈ। ਇਹ ਭਾਰਤ ਦੇ ਅਕਸ ਨੂੰ ਖਰਾਬ ਕਰਦਾ ਹੈ।

ਲੇਬਰ ਪਾਰਟੀ ਦੀ ਇਕ ਹੋਰ ਸਾਂਸਦ ਪ੍ਰੀਤ ਕੌਰ ਗਿੱਲ ਨੇ ਟਵੀਟ ਕੀਤਾ। ਉਹਨਾਂ ਨੇ ਲਿਖਿਆ, ਦਿੱਲੀ ਤੋਂ ਹੈਰਾਨ ਕਰਨ ਵਾਲੇ ਦ੍ਰਿਸ਼, ਕਿਸਾਨ ਆਪਣੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰਨ ਵਾਲੇ ਵਿਵਾਦਿਤ ਬਿੱਲ ਦਾ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰ ਰਹੇ ਹਨ ਪਰ ਉਹਨਾਂ ਨੂੰ ਚੁੱਪ ਕਰਾਉਣ ਲਈ ਪਾਣੀ ਦੀਆਂ ਤੇਜ਼ ਬੌਛਾਰਾਂ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਰਤ ਵਿਚ ਵਿਵਾਦਿਤ ਕਾਨੂੰਨ ਸੰਬੰਧੀ ਵਿਰੋਧ ਕਰ ਰਹੇ ਨਾਗਰਿਕਾਂ ਦੇ ਨਾਲ ਵਤੀਰੇ ਦਾ ਇਹ ਤਰੀਕਾ ਬਿਲਕੁੱਲ ਸਹੀ ਨਹੀਂ ਹੈ।

ਕੈਨੇਡਾ ਵਿਚ ਵੀ ਭਾਰਤ ਦੇ ਨਵੇਂ ਖੇਤੀ ਕਾਨੂੰਨ ਦੀ ਚਰਚਾ ਹੋ ਰਹੀ ਹੈ। ਕੈਨੇਡਾ ਵਿਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਸਾਂਸਦ ਇਸ ਨੂੰ ਲੈ ਕੇ ਮੋਹਰੀ ਹਨ। ਨਿਊ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਮੁੱਖ ਜਗਮੀਤ ਸਿੰਘ ਨੇ ਟਵੀਟ ਕੀਤਾ, ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਖਿਲਾਫ਼ ਭਾਰਤ ਸਰਕਾਰ ਦੀ ਹਿੰਸਾ ਬਹੁਤ ਦੁੱਖ ਪਹੁੰਚਾਉਣ ਵਾਲੀ ਹੈ। ਮੈਂ ਪੰਜਾਬ ਅਤੇ ਭਾਰਤ ਦੇ ਕਿਸਾਨਾਂ ਦੇ ਨਾਲ ਖੜ੍ਹਾ ਹਾਂ। ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਹਿੰਸਾ ਦੀ ਬਜਾਏ ਸ਼ਾਂਤੀਪੂਰਨ ਗੱਲਬਾਤ ਦਾ ਰਸਤਾ ਅਪਨਾਉਣ।


ਸੈਂਟ ਜੌਨ ਈਸਟ ਤੋਂ ਸਾਂਸਦ ਜੈਕ ਹੈਰਿਸ ਨੇ ਵੀ ਭਾਰਤ ਦੇ ਨਵੇਂ ਖੇਤੀ ਕਾਨੂੰਨ ਸਬੰਧੀ ਟਵੀਟ ਕੀਤਾ। ਉਹਨਾਂ ਨੇ ਲਿਖਿਆ, ਅਸੀਂ ਇਹ ਦੇਖ ਕੇ ਹੈਰਾਨ ਹਾਂ ਕਿ ਰੋਜ਼ੀ-ਰੋਟੀ 'ਤੇ ਸੰਕਟ ਦੇਖ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਭਾਰਤ ਸਰਕਾਰ ਦਮਨ ਕਰ ਰਹੀ ਹੈ। ਹੰਝੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੌਛਾਰਾਂ ਦੀ ਬਜਾਏ ਭਾਰਤ ਸਰਕਾਰ ਨੂੰ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕਰਨੀ ਚਾਹੀਦੀ ਹੈ।

ਓਂਟਾਰੀਓ ਦੀ ਵਿਰੋਧੀ ਧਿਰ ਦੀ ਨੇਤਾ ਐਂਡਰਿਊ ਹਾਰਵਾਤ ਨੇ ਟਵੀਟ ਕੀਤਾ, ਮੈਂ ਭਾਰਤ ਵਿਚ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਓਂਟਾਰੀਓ ਵਿਚ ਇਸ ਦਮਨ ਨੂੰ ਦੇਖ ਰਹੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਖੜ੍ਹੀ ਹਾਂ। ਹਰ ਕਿਸੇ ਨੂੰ ਸਰਕਾਰ ਸਮਰਥਿਤ ਹਿੰਸਾ ਦੇ ਡਰ ਬਿਨਾਂ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ।

ਕੈਨੇਡਾ ਦੇ ਬ੍ਰੈਮਪਟਨ ਈਸਟ ਤੋਂ ਸਾਂਸਦ ਗੁਰ ਰਤਨ ਸਿੰਘ ਨੇ ਸਦਨ ਵਿਚ ਵੀ ਭਾਰਤੀ ਕਿਸਾਨਾਂ ਦੇ ਪ੍ਰਦਰਸ਼ਨ ਦਾ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ,''ਭਾਰਤ ਵਿਚ ਕਿਸਾਨਾਂ 'ਤੇ ਹਮਲਾ ਹੋ ਰਿਹਾ ਹੈ। ਇਸ ਲਈ ਮੈਂ ਸਦਨ ਨੂੰ ਭਾਰਤ ਸਰਕਾਰ ਦੇ ਇਸ ਅਨਿਆਂਪੂਰਨ ਕਾਨੂੰਨ ਦੇ ਖਿਲਾਫ਼ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕਰਦਾ ਹਾਂ।''

ਬ੍ਰੈਮਪਟਨ ਦੇ ਨੇਤਾ ਕੇਵਿਨ ਯਾਰਡੇ ਅਤੇ ਸਾਰਾ ਸਿੰਘ ਨੇ ਵੀ ਨਵੇਂ ਖੇਤੀ ਕਾਨੂੰਨ ਦਾ ਵਿਰੋਧ ਕੀਤਾ। ਬ੍ਰੈਮਪਟਨ ਸੈਂਟਰ ਦੀ ਐੱਮ.ਪੀ.ਪੀ. ਸਾਰਾ ਸਿੰਘ ਨੇ ਟਵੀਟ ਕੀਤਾ, ਪੰਜਾਬ ਦੇ ਇਕ ਕਿਸਾਨ ਦੀ ਪੋਤੀ ਹੋਣ ਦੇ ਨਾਤੇ ਮੈਂ ਕਿਸਾਨਾਂ ਦੇ ਨਾਲ ਖੜ੍ਹੀ ਹਾਂ ਕਿਉਂਕਿ ਉਹ ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਇਕ ਨੁਕਸਾਨਦਾਇਕ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।

ਬ੍ਰਿਟੇਨ ਅਤੇ ਕੈਨੇਡਾ ਵਾਂਗ ਅਮਰੀਕਾ ਵਿਚ ਕਿਸਾਨਾਂ ਦੇ ਅੰਦੋਲਨ ਸਬੰਧੀ ਬਹੁਤ ਚਰਚਾ ਤਾਂ ਨਹੀ ਹੋ ਰਹੀ ਪਰ ਗਿਣੇ-ਚੁਣੇ ਸਾਂਸਦ ਆਪਣੀ ਰਾਏ ਜ਼ਰੂਰ ਰੱਖ ਰਹੇ ਹਨ। ਰੀਪਬਲਿਕਨ ਪਾਰਟੀ ਦੀ ਮੈਂਬਰ ਅਤੇ ਵਕੀਲ ਹਰਮੀਤ ਢਿੱਲਣ ਨੇ ਟਵਿੱਟਰ 'ਤੇ ਪੀ.ਐੱਮ. ਮੋਦੀ ਨੂੰ ਅਪੀਲ ਕਰਦਿਆਂ ਲਿਖਿਆ, ਪੰਜਾਬ ਦੇ ਕਿਸਾਨ ਪਰਿਵਾਰ ਤੋਂ ਹੋਣ ਦੇ ਨਾਤੇ ਪੰਜਾਬੀ ਕਿਸਾਨਾਂ 'ਤੇ ਹਮਲਾ ਹੁੰਦੇ ਦੇਖ ਮੇਰਾ ਦਿਲ ਦੁਖੀ ਹੈ। ਪੀ.ਐੱਮ. ਮੋਦੀ ਉਹਨਾਂ ਨੂੰ ਸੁਣਨ। ਉਹਨਾਂ ਨਾਲ ਮੁਲਾਕਾਤ ਕਰਨ ਅਤੇ ਇਸ ਦਾ ਕੋਈ ਹੱਲ ਕੱਢਣ।ਭਾਵੇਂਕਿ ਅਜਿਹਾ ਨਹੀਂ ਹੈ ਕਿ ਸਿਰਫ ਪੰਜਾਬੀ ਮੂਲ ਦੇ ਲੋਕ ਹੀ ਇਹਨਾਂ ਪ੍ਰਦਰਸ਼ਨਾਂ ਦਾ ਸਮਰਥਨ ਕਰ ਰਹੇ ਹਨ ਸਗੋਂ ਜੈਕ ਹੈਰਿਸ, ਜੌਨ ਮੈਕਡੋਨੇਲ, ਕੇਵਿਨ ਯਾਰਡੇ ਅਤੇ ਐਂਡਰੀਆ ਸਮੇਤ ਸਾਰੇ ਨੇਤਾਵਾਂ ਨੇ ਭਾਰਤੀ ਕਿਸਾਨਾਂ ਦਾ ਸਮਰਥਨ ਕੀਤਾ ਹੈ।

Vandana

This news is Content Editor Vandana