ਇਰਾਕ ਦੇ ਫੌਜੀ ਅੱਡੇ ''ਤੇ ਰਾਕੇਟ ਹਮਲੇ ''ਚ ਅਮਰੀਕਾ, ਬ੍ਰਿਟੇਨ ਦੇ ਫੌਜੀਆਂ ਦੀ ਮੌਤ

03/12/2020 11:53:11 AM

ਬਗਦਾਦ— ਇਰਾਕ ਦੇ ਫੌਜੀ ਅੱਡੇ 'ਤੇ ਰਾਕੇਟ ਹਮਲਾ ਹੋਇਆ ਹੈ ਜਿਸ 'ਚ ਇਕ ਅਮਰੀਕੀ ਫੌਜੀ, ਇਕ ਬ੍ਰਿਟਿਸ਼ ਫੌਜੀ ਅਤੇ ਇਕ ਅਮਰੀਕੀ ਠੇਕੇਦਾਰ ਦੀ ਮੌਤ ਹੋ ਗਈ। ਇਸ ਅੱਡੇ 'ਤੇ ਵਿਦੇਸ਼ੀ ਫੌਜੀ ਰੁਕੇ ਹੋਏ ਸਨ। ਬੁੱਧਵਾਰ ਸ਼ਾਮ ਨੂੰ ਬਗਦਾਦ ਦੇ ਉੱਤਰ 'ਚ ਸਥਿਤ ਤਾਜੀ ਹਵਾਈ ਅੱਡੇ 'ਤੇ ਕਈ ਰਾਕੇਟਾਂ ਨਾਲ ਹਮਲਾ ਕੀਤਾ ਗਿਆ। ਇੱਥੇ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫੌਜ ਦੇ ਫੌਜੀ ਰੁਕੇ ਹੋਏ ਹਨ ਜੋ ਜਿਹਾਦੀਆਂ ਨਾਲ ਲੜਾਈ 'ਚ ਸਥਾਨਕ ਬਲਾਂ ਦੀ ਮਦਦ ਕਰਦੇ ਹਨ। ਇਕ ਅਮਰੀਕੀ ਫੌਜੀ ਅਧਿਕਾਰੀ ਨੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਰਾਕ ਦੀ ਫੌਜ ਨੇ ਕਿਹਾ ਕਿ ਰਾਕੇਟ ਇਕ ਟਰੱਕ ਨਾਲ ਦਾਗੇ ਗਏ।

ਹੁਣ ਤਕ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ। ਪਿਛਲੇ ਸਾਲ ਅਕਤੂਬਰ ਤੋਂ ਇਰਾਕ 'ਚ ਅਮਰੀਕੀ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਇਹ 22ਵਾਂ ਹਮਲਾ ਹੈ। ਸੀਰੀਆਈ ਆਬਜ਼ਾਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਇਸ ਹਮਲੇ ਦੇ ਕੁੱਝ ਹੀ ਘੰਟਿਆਂ ਦੇ ਅੰਦਰ ਤਿੰਨ ਜੰਗੀ ਜਹਾਜ਼ਾਂ ਵਲੋਂ ਇਰਾਕ ਦੀ ਸਰਹੱਦ ਨਾਲ ਲੱਗਦੇ ਸੀਰੀਆ ਦੇ ਖੇਤਰ 'ਚ ਬੰਬ ਵਰ੍ਹਾਏ ਗਏ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਹ ਜਹਾਜ਼ ਅਮਰੀਕੀ ਗਠਜੋੜ ਦੇ ਹੋਣ ਪਰ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।