ਬ੍ਰਿਟੇਨ 'ਚ ਹੋਏ ਹਵਾਈ ਹਾਦਸੇ ਦੌਰਾਨ ਭਾਰਤੀ ਮੂਲ ਦੇ 2 ਵਿਅਕਤੀਆਂ ਦੀ ਮੌਤ

11/22/2017 5:04:09 PM

ਲੰਡਨ(ਭਾਸ਼ਾ)— ਦੱਖਣੀ-ਪੂਰਬੀ ਇੰਗਲੈਂਡ ਵਿਚ ਇਕ ਜਹਾਜ਼ ਅਤੇ ਇਕ ਹੈਲੀਕਾਪਟਰ ਵਿਚਕਾਰ ਹੋਈ ਹਵਾਈ ਟੱਕਰ ਦੌਰਾਨ 4 ਲੋਕ ਮਾਰੇ ਗਏ। ਇਨ੍ਹਾਂ ਵਿਚ ਭਾਰਤੀ ਮੂਲ ਦੇ 2 ਵਿਅਕਤੀ- 18 ਸਾਲ ਦਾ ਇਕ ਟ੍ਰੇਨੀ ਪਾਇਲਟ ਅਤੇ ਉਸ ਦੇ ਟ੍ਰੇਨਰ ਦੋਵਾਂ ਦੀ ਇਸ ਘਟਨਾ ਵਿਚ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ।
ਕਮਰਸ਼ੀਅਲ ਪਾਇਲਟ ਬਨਣ ਦੀ ਸਿਖਲਾਈ ਲੈ ਰਹੇ ਬਕਿੰਘਮਸ਼ਾਇਰ ਨਿਊ ਯੂਨੀਵਰਸਿਟੀ ਵਿਚ ਐਰੋਨਾਟਿਕਸ ਦੇ ਵਿਦਿਆਰਥੀ ਸਾਵਣ ਮੁੰਡੇ ਅਤੇ ਉਸ ਨੂੰ ਸਿਖਲਾਈ ਦੇਣ ਵਾਲੇ ਜਸਪਾਲ ਬਹਰਾ ਦੀ 17 ਨਵੰਬਰ ਨੂੰ ਮੌਤ ਹੋ ਗਈ ਸੀ। ਮੁੰਡੇ ਅਤੇ 27 ਸਾਲਾ ਬਹਰਾ ਦੋਵੇਂ ਹੀ ਬ੍ਰਿਟੇਨ ਦੇ ਨਾਗਰਿਕ ਸਨ। ਬਕਿੰਘਮਸ਼ਾਇਰ ਵਿਚ ਹੋਏ ਇਸ ਹਾਦਸੇ ਵਿਚ ਮਾਰੇ ਗਏ 2 ਹੋਰ ਵਿਅਕਤੀ ਵੀ ਜਹਾਜ਼ ਟ੍ਰੇਨਰ ਸਨ। ਥੈਮਸ ਵੈਲੀ ਪੁਲਸ ਨੇ ਮ੍ਰਿਤਕਾਂ ਦੀ ਰਸਮੀ ਪਛਾਣ ਕਰਨ ਤੋਂ ਬਾਅਦ ਇਕ ਬਿਆਨ ਵਿਚ ਕਿਹਾ, ''ਇਸ ਜਹਾਜ਼ ਹਾਦਸੇ ਦੀ ਜਾਂਚ ਏਅਰ ਐਕਸੀਡੈਂਟ ਇੰਵੈਸਟੀਗੇਸ਼ਨ ਬ੍ਰਾਂਚ (ਏ.ਏ.ਆਈ.ਬੀ) ਕਰ ਰਿਹਾ ਹੈ। ਦੁਰਘਟਨਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਹਮਦਰਦੀ ਹੈ। ਸਾਡੇ ਅਧਿਕਾਰੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇ ਰਹੇ ਹਨ।'' ਹਵਾਈ ਦੁਰਘਟਨਾਵਾਂ ਦੀ ਜਾਂਚ ਕਰਨ ਵਾਲੇ ਮਾਹਰ ਅਜੇ ਵੀ ਇਸ ਹਾਦਸੇ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ।