ਬ੍ਰਿਟੇਨ ''ਚ ਔਰਤਾਂ ਨੇ ਬੱਚੇ ਨਾ ਪੈਦਾ ਕਰਨਾ ਦਾ ਲਿਆ ਫੈਸਲਾ

06/26/2019 10:19:57 AM

ਲੰਡਨ (ਬਿਊਰੋ)— ਬ੍ਰਿਟੇਨ ਵਿਚ ਜਲਵਾਯੂ ਤਬਦੀਲੀ ਲਈ ਕੰਮ ਕਰਨ ਵਾਲੇ ਇਕ ਸਮੂਹ ਨੇ ਬੱਚੇ ਨਾ ਪੈਦਾ ਕਰਨ ਦਾ ਫੈਸਲਾ ਲਿਆ ਹੈ। ਇਸ ਸਮੂਹ ਵਿਚ ਸ਼ਾਮਿਲ ਔਰਤਾਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਦੁਨੀਆ ਵਿਚ ਸੋਕੇ, ਹੜ੍ਹ, ਅਕਾਲ ਅਤੇ ਗਲੋਬਲ ਵਾਰਮਿੰਗ ਦਾ ਡਰ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਦੀ ਗੁਣਵੱਤਾ ਬਿਹਤਰ ਕਰਨ ਲਈ ਉਨ੍ਹਾਂ ਨੇ ਇਹ ਫੈਸਲਾ ਲਿਆ। 

ਲੰਡਨ ਵਿਚ ਰਹਿਣ ਵਾਲੀ 33 ਸਾਲ ਦੀ ਬਲਾਇਥੇ ਪੇਪੀਨੋ ਸੰਗੀਤਕਾਰ ਹੈ। ਉਨ੍ਹਾਂ ਨੇ ਜਲਵਾਯੂ ਤਬਦੀਲੀ ਕਾਰਨ ਬੱਚੇ ਨਾ ਪੈਦਾ ਕਰਨ ਦਾ ਫੈਸਲਾ ਲਿਆ। ਉਨ੍ਹਾਂ ਨੇ ਕਿਹਾ,''ਮੈਂ ਬੱਚਾ ਚਾਹੁੰਦੀ ਹਾਂ। ਮੈਂ ਆਪਣੇ ਪਾਰਟਨਰ ਨਾਲ ਇਕ ਪਰਿਵਾਰ ਚਾਹੁੰਦੀ ਹਾਂ ਪਰ ਇਹ ਦੁਨੀਆ ਬੱਚਿਆਂ ਦੇ ਰਹਿਣ ਲਾਇਕ ਨਹੀਂ।'' ਪੋਪੀਨੇ ਨੇ 2018 ਦੇ ਅਖੀਰ ਵਿਚ 'ਬਰਥਸਟ੍ਰਾਈਕ' ਸਮੂਹ ਦਾ ਗਠਨ ਕੀਤਾ। ਹੁਣ ਤੱਕ ਇਸ ਸੰਗਠਨ ਨਾਲ 330 ਲੋਕ ਜੁੜੇ ਚੁੱਕੇ ਹਨ। ਇਸ ਵਿਚ 80 ਫੀਸਦੀ ਔਰਤਾਂ ਹਨ। 

ਪੇਪੀਨੋ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਫੈਸਲਾ 'ਯੂਨਾਈਟਿਡ ਨੈਸ਼ਨਜ਼ ਇੰਟਰਨੈਸ਼ਨਲ ਪੈਨਲ ਆਨ ਕਲਾਈਮੇਟ ਚੇਂਜ' ਦੀ ਚਿਤਾਵਨੀ ਦੇ ਬਾਅਦ ਕੀਤਾ। ਇਸ ਚਿਤਾਵਨੀ ਵਿਚ ਕਿਹਾ ਗਿਆ ਸੀ ਕਿ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਸਿਰਫ 11 ਸਾਲ ਬਚੇ ਹਨ। ਹਾਲ ਹੀ ਵਿਚ ਸਮੂਹ ਨਾਲ ਜੁੜੇ 29 ਸਾਲ ਦੇ ਕੋੜੀ ਹੈਰੀਸਨ ਨੇ ਕਿਹਾ,''ਤੁਸੀਂ ਕਿਸੇ ਹੋਰ ਦੀ ਜ਼ਿੰਦਗੀ ਤਬਾਹ ਨਹੀਂ ਕਰ ਸਕਦੇ। ਜੇਕਰ ਚੀਜ਼ਾਂ ਠੀਕ ਨਹੀਂ ਹੁੰਦੀਆਂ ਤਾਂ ਮਨੁੱਖ ਚੰਗਾ ਜੀਵਨ ਨਹੀਂ ਗੁਜਾਰ ਸਕਦਾ।'' ਇਕ ਹੋਰ ਮੈਂਬਰ ਲੋਰੀ ਡੇਅ ਨੇ ਕਿਹਾ ਕਿ ਜਦੋਂ ਜਲਵਾਯੂ ਤਬਦੀਲੀ ਹੁੰਦੀ ਹੈ ਤਾਂ ਕਈ ਚੀਜ਼ਾਂ ਬਦਲਦੀਆਂ ਹਨ। ਇਸ ਨਾਲ ਖਾਧ ਉਤਪਾਦਨ, ਸਰੋਤ ਪ੍ਰਭਾਵਿਤ ਹੋਣਗੇ ਅਤੇ ਯੁੱਧ ਦੀ ਸਥਿਤੀ ਬਣੇਗੀ।  

ਆਬਾਦੀ 'ਤੇ ਨਜ਼ਰ ਰੱਖਣ ਵਾਲੀ ਯੂ.ਕੇ. ਦੇ ਚੈਰਿਟੀ ਦਾ ਤਰਕ ਹੈ ਕਿ ਆਬਾਦੀ ਵਧਣ ਦੇ ਨਾਲ-ਨਾਲ ਕਾਰਬਨ ਨਿਕਾਸੀ ਵਧੇਗੀ ਅਤੇ ਊੁਸ਼ਣ ਕਟੀਬੰਧੀ ਜੰਗਲਾਂ ਵਿਚ ਕਮੀ ਆਵੇਗੀ। ਚੈਰਿਟੀ ਮੁਤਾਬਕ 2030 ਤੱਕ ਧਰਤੀ 'ਤੇ 8.5 ਬਿਲੀਅਨ ਲੋਕ ਹੋਣਗੇ ਅਤੇ 2100 ਤੱਕ ਇਹ ਅੰਕੜਾ 11 ਬਿਲੀਅਨ ਤੱਕ ਹੋਣ ਦੀ ਆਸ ਹੈ। ਵਿਸ਼ਵ ਬੈਂਕ ਮੁਤਾਬਕ ਵਰਤਮਾਨ ਵਿਚ ਇਕ ਵਿਅਕਤੀ ਸਾਲ ਵਿਚ ਔਸਤ 5 ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਕਰਦਾ ਹੈ। ਉੱਥੇ ਇਕ ਅਮਰੀਕੀ ਸਾਲ ਵਿਚ ਔਸਤ 15.6 ਮਿਟ੍ਰਿਕ ਟਨ ਕਾਰਬਨ ਦੀ ਨਿਕਾਸੀ ਕਰਦਾ ਹੈ ਜਦਕਿ ਸ਼੍ਰੀਲੰਕਾ ਅਤੇ ਘਾਨਾ ਵਿਚ ਇਕ ਟਨ ਤੋਂ ਵੀ ਘੱਟ ਨਿਕਾਸੀ ਕਰਦੇ ਹਨ। ਕੌਨਸੀਵੇਬਲ ਫਿਊਚਰ ਦੇ ਕੋ-ਬਾਨੀ ਮੇਗਾਨ ਕਾਲਮਨ ਦਾ ਕਹਿਣਾ ਹੈ ਕਿ ਜੇਕਰ ਹਰ ਕੋਈ ਅਮਰੀਕੀ ਵਾਂਗ ਕਾਰਬਨ ਦੀ ਨਿਕਾਸੀ ਕਰਨ ਲੱਗੇ ਤਾਂ ਰਹਿਣ ਲਈ ਚਾਰ ਤੋਂ 6 ਧਰਤੀਆਂ ਦੀ ਲੋੜ ਪਵੇਗੀ।

Vandana

This news is Content Editor Vandana