ਯੂਕੇ: ਬ੍ਰੈਗਜ਼ਿਟ ਕਾਰਨ ਹਜ਼ਾਰਾਂ EU ਕਰਮਚਾਰੀਆਂ ਨੇ ਛੱਡੀਆਂ ਹੋਟਲ ਸਨਅਤ ਦੀਆਂ ਨੌਕਰੀਆਂ

08/05/2021 12:45:06 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਨਾਲ ਬ੍ਰੈਗਜ਼ਿਟ ਸਮਝੌਤੇ ਦੇ ਬਾਅਦ ਵਪਾਰ, ਕਾਰੋਬਾਰਾਂ ਆਦਿ ਦੇ ਨਾਲ ਹਜ਼ਾਰਾਂ ਯੂਰਪੀਅਨ ਯੂਨੀਅਨ ਦੇ ਕਰਮਚਾਰੀ ਵੀ ਪ੍ਰਭਾਵਿਤ ਹੋਏ ਹਨ। ਇਸ ਸਬੰਧੀ ਜਾਰੀ ਇੱਕ ਰਿਪੋਰਟ ਅਨੁਸਾਰ 90,000 ਤੋਂ ਵੱਧ ਯੂਰਪੀਅਨ ਯੂਨੀਅਨ ਦੇ ਕਰਮਚਾਰੀਆਂ ਨੇ ਪਿਛਲੇ ਸਾਲ ਯੂਕੇ ਦੇ ਪ੍ਰਾਹੁਣਚਾਰੀ ਖੇਤਰ ਵਿਚਲੀਆਂ ਨੌਕਰੀਆਂ ਨੂੰ ਛੱਡ ਦਿੱਤਾ ਹੈ। 

ਰਿਪੋਰਟ ਅਨੁਸਾਰ ਬ੍ਰੈਗਜ਼ਿਟ ਅਤੇ ਕੋਰੋਨਾ ਮਹਾਮਾਰੀ ਕਾਰਨ, ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਪ੍ਰਾਹੁਣਚਾਰੀ (ਹਾਸਪਿਟਾਲਿਟੀ) ਖੇਤਰ ਨਾਲ ਸਬੰਧਿਤ ਕਰਮਚਾਰੀਆਂ ਨੇ ਜਾਂ ਤਾਂ ਦੇਸ਼ ਛੱਡਣ ਦੀ ਚੋਣ ਕੀਤੀ ਹੈ ਜਾਂ ਉਹ ਨਵੀਂਆਂ ਵੀਜ਼ਾ ਸ਼ਰਤਾਂ ਕਾਰਨ ਯੂਕੇ ਤੋਂ ਜਾਣ ਲਈ ਮਜਬੂਰ ਹੋਏ ਹਨ। ਕਈ ਹੋਰਾਂ ਨੇ ਕੋਰੋਨਾ ਮਹਾਮਾਰੀ ਕਾਰਨ ਹੋਈ ਤਾਲਾਬੰਦੀ ਕਰਕੇ ਰੈਸਟੋਰੈਂਟ, ਬਾਰਾਂ ਅਤੇ ਹੋਰ ਪ੍ਰਾਹੁਣਚਾਰੀ ਸਥਾਨ ਬੰਦ ਰਹਿਣ ਕਰਕੇ, ਕੋਈ ਹੋਰ ਨੌਕਰੀ ਲੱਭ ਲਈ ਸੀ। 

ਪੜ੍ਹੋ ਇਹ ਅਹਿਮ ਖਬਰ- ਵੱਡੀ ਖ਼ਬਰ : 8 ਅਗਸਤ ਤੋਂ ਬ੍ਰਿਟੇਨ ਜਾ ਸਕਣਗੇ ਭਾਰਤੀ, ਹੋਟਲ ਕੁਆਰੰਟੀਨ ਵੀ ਲਾਜ਼ਮੀ ਨਹੀਂ

ਕੇਟਰਰ ਡਾਟ ਕਾਮ ਦੀ ਰਿਪੋਰਟ ਅਨੁਸਾਰ ਹੁਣ ਵਧੇਰੇ ਬ੍ਰਿਟੇਨ ਨਿਵਾਸੀ ਪ੍ਰਾਹੁਣਚਾਰੀ ਦੇ ਖੇਤਰ ਵਿੱਚ ਦਾਖਲ ਹੋ ਰਹੇ ਹਨ। ਇਸ ਖੇਤਰ ਦੇ ਪੰਜ ਵਿੱਚੋਂ ਤਿੰਨ ਮਾਲਕ ਯੂਕੇ ਦੇ ਕਰਮਚਾਰੀਆਂ ਤੋਂ ਪਹਿਲਾਂ ਨਾਲੋਂ ਵਧੇਰੇ ਅਰਜ਼ੀਆਂ ਪ੍ਰਾਪਤ ਕਰ ਰਹੇ ਹਨ। ਕੋਵਿਡ ਪਾਬੰਦੀਆਂ ਹਟਾਏ ਜਾਣ ਦੇ ਬਾਅਦ ਪਰਾਹੁਣਚਾਰੀ ਸਥਾਨਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਮਿਲਣ ਤੋਂ ਬਾਅਦ ਖਾਲੀ ਅਸਾਮੀਆਂ ਵਿੱਚ 342 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਪਰ ਯੂਰਪੀਅਨ ਯੂਨੀਅਨ ਦੇ ਕਰਮਚਾਰੀਆਂ ਕਰਕੇ ਇਹ ਖੇਤਰ ਪ੍ਰਭਾਵਿਤ ਹੋਵੇਗਾ। ਰਿਪੋਰਟ ਦੇ ਅਨੁਸਾਰ ਮਹਾਮਾਰੀ ਤੋਂ ਪਹਿਲਾਂ ਲੰਡਨ ਦੇ 75 ਪ੍ਰਤੀਸ਼ਤ ਪ੍ਰਾਹੁਣਚਾਰੀ ਕਰਮਚਾਰੀ ਈ ਯੂ ਤੋਂ ਸਨ।

Vandana

This news is Content Editor Vandana