''ਲਾੜੀ'' ਬਣਨ ਦੇ ਬਾਵਜੂਦ ਟੁੱਟਿਆ ਰਿਸ਼ਤਾ, ਫੇਸਬੁੱਕ ''ਤੇ ਸਾਂਝਾ ਕੀਤਾ ਦਰਦ

03/03/2019 4:28:49 PM

ਲੰਡਨ (ਬਿਊਰੋ)— ਬ੍ਰਿਟੇਨ ਵਿਚ ਰਹਿੰਦੇ ਇਕ ਸਿੱਖ ਪਰਿਵਾਰ ਨੇ ਸਮਲਿੰਗੀ ਜੋੜੇ ਨੂੰ ਵਿਆਹ ਕਰਵਾਉਣ ਲਈ ਅਜੀਬ ਸ਼ਰਤ ਰੱਖੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਪਰਿਵਾਰ ਨੇ ਮੁੰਡੇ ਦੇ ਸਮਲਿੰਗੀ ਪਾਰਟਨਰ ਨੂੰ ਵਿਆਹ ਲਈ ਲਾੜੀ ਵਾਂਗ ਤਿਆਰ ਹੋਣ ਅਤੇ ਸਾਰੀਆਂ ਪਰੰਪਰਾਵਾਂ ਨਿਭਾਉਣ ਦੀ ਸ਼ਰਤ ਰੱਖੀ। ਭਾਵੇਂਕਿ ਪਿਆਰ ਵਿਚ ਡੁੱਬੇ ਰਾਏ ਸਿੰਘ ਨੇ ਇਸ ਸ਼ਰਤ ਨੂੰ ਮੰਨ ਲਿਆ ਅਤੇ ਲਾੜੀ ਵਾਂਗ ਤਿਆਰ ਹੋ ਕੇ ਵਿਆਹ ਕੀਤਾ। ਲਾੜੀ ਵਾਂਗ ਤਿਆਰ ਹੋਣ ਅਤੇ ਰਸਮਾਂ ਨਿਭਾਉਣ ਲਈ ਰਾਏ ਨੇ ਕੁਝ ਮਹੀਨਾ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਪਰ ਇਹ ਸਭ ਕੁਝ ਜ਼ਿਆਦਾ ਦਿਨ ਤੱਕ ਨਹੀਂ ਚੱਲ ਸਕਿਆ ਅਤੇ ਆਪਣੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਉਨ੍ਹਾਂ ਨੇ ਵੱਖਰੇ ਹੋਣ ਦਾ ਫੈਸਲਾ ਲੈ ਲਿਆ।

ਰਾਏ ਸਿੰਘ ਖੁਦ ਸਿੱਖ ਪਰਿਵਾਰ ਤੋਂ ਹਨ। ਉਨ੍ਹਾਂ ਨੇ ਦੱਸਿਆ,''ਮੇਰੇ ਪਾਰਟਨਰ ਦੀ ਮਾਂ ਨੇ ਮੇਰੇ ਸਾਹਮਣੇ ਸ਼ਰਤ ਰੱਖੀ ਕਿ ਮੈਨੂੰ ਵਿਆਹ ਵਾਲੇ ਦਿਨ ਲਾੜੀ ਵਾਂਗ ਤਿਆਰ ਹੋਣਾ ਪਵੇਗਾ। ਮੈਂ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਮੇਰੇ ਮੁੰਡੇ ਦੇ ਬਾਰੇ ਵਿਚ ਪਤਾ ਚੱਲੇ। ਮੈਂ ਇਹ ਵੀ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਇਹ ਪਤਾ ਚੱਲੇ ਕਿ ਉਸ ਨੇ ਇਕ ਮੁੰਡੇ ਨਾਲ ਵਿਆਹ ਕਰਵਾਇਆ ਹੈ।'' ਰਾਏ ਮੁਤਾਬਕ ਮੈਂ ਪਿਆਰ ਵਿਚ ਸੀ ਅਤੇ ਸਾਰੀਆਂ ਸ਼ਰਤਾਂ ਮੰਨਦੇ ਹੋਏ ਉਸ ਨਾਲ ਰਹਿਣ ਲਈ ਤਿਆਰ ਹੋ ਗਿਆ। ਇੱਥੋਂ ਤੱਕ ਕਿ ਮੈਂ ਹਾਈ ਹੀਲ ਪਾ ਕੇ ਤੁਰਨ ਦੀ ਵੀ ਕੋਸ਼ਿਸ਼ ਕੀਤੀ।

ਰਾਏ ਮੁਤਾਬਕ ਉਹ ਆਪਣੇ ਪਾਰਟਨਰ ਨਾਲ ਪਿਆਰ ਕਰਦਾ ਸੀ ਅਤੇ ਉਸ ਨਾਲ ਰਹਿਣਾ ਚਾਹੁੰਦਾ ਸੀ। ਪਰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਇਹ ਨਾਟਕ ਕਰਨਾ ਮੇਰੇ ਲਈ ਔਖਾ ਹੋ ਗਿਆ। ਰਾਏ ਮੁਤਾਬਕ,''ਮੇਰੇ ਪਾਰਟਨਰ ਦੀ ਮਾਂ ਨੂੰ ਮੇਰੇ ਵਜ਼ਨ ਨਾਲ ਪਰੇਸ਼ਾਨੀ ਸੀ ਅਤੇ ਉਹ ਮੈਨੂੰ ਖਾਣਾ ਘੱਟ ਦਿੰਦੀ ਸੀ। ਉਨ੍ਹਾਂ ਨੇ ਮੈਨੂੰ ਹਮੇਸ਼ਾ ਵਿਗ ਲਗਾਉਣ ਲਈ ਮਜਬੂਰ ਕੀਤਾ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਮੈਂ ਘਰ ਛੱਡਣ ਦਾ ਫੈਸਲਾ ਕੀਤਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਪਿਆਰ ਦੀ ਕਹਾਣੀ ਦਾ ਅੰਤ ਇਸ ਤਰ੍ਹਾਂ ਹੋਵੇਗਾ।''

ਰਾਏ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਝੂਠ ਬੋਲ ਕੇ ਇਹ ਵਿਆਹ ਕੀਤਾ ਸੀ। ਜਦੋਂ ਉਹ ਬੇਘਰ ਹੋ ਗਏ ਅਤੇ ਉਨ੍ਹਾਂ ਕੋਲ ਪਏ ਸਾਰੇ ਪੈਸੇ ਖਰਚ ਹੋ ਗਏ ਤਾਂ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਫੋਨ ਕੀਤਾ। ਰਾਏ ਨੇ ਦੱਸਿਆ,''ਜੋ ਕੁਝ ਹੋਇਆ ਉਸ ਲਈ ਉਹ ਖੁਦ ਜ਼ਿੰਮੇਵਾਰ ਹਨ। ਮੈਂ ਪਿਆਰ ਲਈ ਇਹ ਸਭ ਕੀਤਾ ਅਤੇ ਉਸ ਨੇ ਮੈਨੂੰ ਹੀ ਛੱਡ ਦਿੱਤਾ।'' ਰਾਏ ਵੱਲੋਂ ਫੇਸਬੁੱਕ 'ਤੇ ਆਪਣਾ ਦਰਦ ਸਾਂਝਾ ਕਰਨ ਦੇ ਬਾਅਦ ਉਨ੍ਹਾਂ ਦੇ ਪਾਰਟਨਰ ਨੇ ਕਿਹਾ ਕਿ ਉਹ ਅਤੇ ਉਸ ਦੀ ਮਾਂ ਨਿੱਜੀ ਤੌਰ ਤੇ ਰਾਏ ਕੋਲੋਂ ਮੁਆਫੀ ਮੰਗਣਾ ਚਾਹੁੰਦੇ ਹਨ।

Vandana

This news is Content Editor Vandana