ਯੂਕੇ: ਹੋਟਲਾਂ ''ਚ ਰਹਿ ਰਹੇ ਸ਼ਰਨਾਰਥੀਆਂ ਨੂੰ ਨਹੀਂ ਮਿਲ ਰਿਹਾ ਢੁੱਕਵਾਂ ਭੋਜਨ ਅਤੇ ਕੱਪੜੇ

05/07/2021 1:50:27 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਸੈਂਕੜੇ ਹੀ ਸ਼ਰਨਾਰਥੀ ਸਰਕਾਰ ਦੁਆਰਾ ਕੋਰੋਨਾ ਮਹਾਮਾਰੀ ਦੇ ਚਲਦਿਆਂ ਹੋਟਲਾਂ ਵਿੱਚ ਰੱਖੇ ਗਏ ਹਨ ਪਰ ਇੱਕ ਰਿਪੋਰਟ ਦੇ ਅਨੁਸਾਰ ਪਨਾਹ ਮੰਗਣ ਵਾਲੇ ਲੋਕਾਂ ਨੂੰ ਗ੍ਰਹਿ ਦਫਤਰ ਦੇ ਸੁਝਾਏ ਹੋਟਲਾਂ ਵਿੱਚ ਰਿਹਾਇਸ਼ ਦੌਰਾਨ ਢੁਕਵੇਂ ਜੁੱਤੇ, ਕੱਪੜੇ ਜਾਂ ਭੋਜਨ ਪ੍ਰਾਪਤ ਨਹੀਂ ਹੋ ਰਿਹਾ ਹੈ। ਇਸ ਸੰਬੰਧੀ ਰਫਿਊਜੀ ਕਾਉਂਸਲ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸ਼ਰਨ ਲੈਣ ਵਾਲੇ ਲੋਕ ਕਈ ਦਿਨਾਂ ਤੋਂ ਆਪਣੇ ਕਮਰਿਆਂ ਵਿਚ ਸੀਮਤ ਰਹਿ ਗਏ ਹਨ ਕਿਉਂਕਿ ਉਨ੍ਹਾਂ ਕੋਲ ਅਣਉਚਿਤ ਜੁੱਤੇ ਹਨ ਜਾਂ ਉਨ੍ਹਾਂ ਨੂੰ ਆਪਣੇ ਕੱਪੜੇ ਸਾਫ਼ ਹੋਣ ਦੀ ਉਡੀਕ ਕਰਨੀ ਪੈਂਦੀ ਹੈ। 

ਇਸਦੇ ਇਲਾਵਾ ਉਹ ਲੋਕ ਜੋ ਸਰੀਰਕ ਤੌਰ 'ਤੇ ਠੀਕ ਨਹੀਂ ਹਨ ਉਨ੍ਹਾਂ ਕੋਲ ਉਹ ਖਾਣਾ ਖਾਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ, ਜੋ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਹੈ। ਪਿਛਲੇ ਸਾਲ ਤੋਂ ਹਜ਼ਾਰਾਂ ਪਨਾਹ ਲੈਣ ਵਾਲੇ ਮਰਦ, ਔਰਤਾਂ ਅਤੇ ਬੱਚਿਆਂ ਨੂੰ ਕੋਰੋਨਾ ਕਰਕੇ ਐਮਰਜੈਂਸੀ ਹੋਟਲ ਰਿਹਾਇਸ਼ ਵਿੱਚ ਰੱਖਿਆ ਗਿਆ ਹੈ ਅਤੇ ਤਕਰੀਬਨ 8,000 ਤੋਂ ਵੱਧ ਲੋਕ ਹੋਟਲਾਂ ਵਿੱਚ ਰਹਿ ਰਹੇ ਹਨ। ਰਫਿਊਜੀ ਕਾਉਂਸਲ ਦੁਆਰਾ ਲੀਡਜ਼, ਲੰਡਨ, ਹੁੱਲ ਅਤੇ ਰੋਥਰੈਮ ਵਿੱਚ 400 ਤੋਂ ਵੱਧ ਪਨਾਹ ਮੰਗਣ ਵਾਲਿਆਂ 'ਤੇ ਕੀਤੀ ਖੋਜ ਹੋਟਲਾਂ ਵਿੱਚ ਇਸ ਪ੍ਰਬੰਧ ਨੂੰ ਬੇਨਕਾਬ ਕਰਦੀ ਹੈ। ਇਸ ਸੰਸਥਾ ਨੂੰ ਸ਼ਰਨਾਰਥੀਆਂ ਲਈ ਜੁੱਤੀਆਂ ਅਤੇ ਕੋਟ ਵਰਗੀਆਂ ਮੁੱਢਲੀਆਂ ਚੀਜ਼ਾਂ ਪ੍ਰਦਾਨ ਕਰਨ ਅਤੇ ਲੋਕਾਂ ਨੂੰ ਲੋੜੀਂਦਾ ਭੋਜਨ ਪ੍ਰਾਪਤ ਕਰਨ ਲਈ ਕਦਮ ਉਠਾਉਣਾ ਪਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ-ਆਸਟ੍ਰੇਲੀਆ 'ਚ ਰਹਿੰਦੇ NRI ਮਦਦ ਲਈ ਆਏ ਅੱਗੇ, 50 ਹਜ਼ਾਰ ਤੋਂ ਵੱਧ ਆਕਸੀਜਨ ਕੰਸਨਟ੍ਰੇਟਰ ਦੇ ਦਿੱਤੇ ਆਰਡਰ

ਇਸਦੀ ਰਿਪੋਰਟ ਵਿੱਚ ਹੋਟਲਾਂ ਵਿੱਚ ਭੋਜਨ ਦੀ ਗੁਣਵੱਤਾ ਨੂੰ ਇੱਕ “ਚਿੰਤਾ ਦਾ ਵੱਡਾ ਕਾਰਨ” ਦੱਸਿਆ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ “ਬਾਰ ਬਾਰ ਮਾੜੀ ਕੁਆਲਟੀ ਦਾ ਭੋਜਨ” ਉਥੇ ਰੱਖੇ ਗਏ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਿੱਚ ਯੋਗਦਾਨ ਪਾ ਰਿਹਾ ਹੈ। ਹੋਟਲਾਂ ਵਿੱਚ ਜ਼ਿਆਦਾਤਰ ਪਨਾਹ ਲੈਣ ਵਾਲੇ ਗ੍ਰਹਿ ਦਫਤਰ ਤੋਂ ਹਫ਼ਤੇ ਵਿੱਚ 8 ਪੌਂਡ ਪ੍ਰਾਪਤ ਕਰਦੇ ਹਨ, ਹਾਲਾਂਕਿ ਕੁਝ ਨੂੰ ਕੋਈ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਹੁੰਦੀ ਅਤੇ ਉਹ ਅਕਸਰ ਮੁੱਢਲੀਆਂ ਚੀਜ਼ਾਂ ਪ੍ਰਾਪਤ ਕਰਨ ਵਿੱਚ ਅਸਮਰੱਥ ਹੁੰਦੇ ਹਨ।

Vandana

This news is Content Editor Vandana