ਯੂਕੇ: ਮਾਨਸਿਕ ਸਿਹਤ ਸੇਵਾਵਾਂ ਲਈ ਭੇਜੇ ਗਏ ਬੱਚਿਆਂ ਦੀ ਗਿਣਤੀ ''ਚ ਹੋਇਆ ਰਿਕਾਰਡ ਵਾਧਾ

09/23/2021 5:54:41 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ 18 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੀ ਮਾਨਸਿਕ ਸਿਹਤ 'ਤੇ ਕੋਰੋਨਾ ਮਹਾਮਾਰੀ ਦੌਰਾਨ ਤਾਲਾਬੰਦੀ ਅਤੇ ਸਕੂਲ ਬੰਦ ਰਹਿਣ ਕਰਕੇ ਬੁਰਾ ਪ੍ਰਭਾਵ ਪਿਆ ਹੈ। ਇਸ ਸਬੰਧੀ ਅੰਕੜਿਆਂ ਅਨੁਸਾਰ ਸਾਹਮਣੇ ਆਇਆ ਹੈ ਕਿ ਇਕ ਦਿਨ ਵਿਚ 2,000 ਤੋਂ ਵੱਧ ਬੱਚਿਆਂ ਨੂੰ ਐੱਨ. ਐੱਚ. ਐੱਸ. ਮਾਨਸਿਕ ਸਿਹਤ ਸੇਵਾਵਾਂ ਲਈ ਭੇਜਿਆ ਜਾ ਰਿਹਾ ਹੈ ਅਤੇ ਇਹ ਗਿਣਤੀ ਮਹਾਮਾਰੀ ਤੋਂ ਪਹਿਲਾਂ ਨਾਲੋਂ ਦੁੱਗਣੀ ਹੈ।

ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਜੂਨ ਦਰਮਿਆਨ 18 ਸਾਲ ਤੋਂ ਘੱਟ ਉਮਰ ਦੇ 190,000 ਬੱਚਿਆਂ ਨੂੰ ਇਲਾਜ ਅਤੇ ਸਹਾਇਤਾ ਲਈ ਭੇਜਿਆ ਗਿਆ। ਰਾਇਲ ਕਾਲਜ ਆਫ਼ ਸਾਈਕੈਸਟ੍ਰਿਕ (ਆਰ. ਸੀ. ਪੀ.) ਅਨੁਸਾਰ ਤਾਲਾਬੰਦੀ ਅਤੇ ਸਕੂਲ ਬੰਦ ਹੋਣ ਕਾਰਨ ਬੱਚਿਆਂ ਅਤੇ ਨੌਜਵਾਨਾਂ ਨੂੰ ਮਾਨਸਿਕ ਪ੍ਰੇਸ਼ਾਨੀ ਹੋ ਰਹੀ ਹੈ। ਸਿਹਤ ਮਾਹਰਾਂ ਅਨੁਸਾਰ ਓਵਰਡੋਜ਼, ਸਵੈ-ਨੁਕਸਾਨ ਜਾਂ ਹੋਰ ਐਮਰਜੈਂਸੀ ਦੀ ਜ਼ਰੂਰਤ ਵਾਲੇ ਨੰਬਰਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਤਹਿਤ ਅਪ੍ਰੈਲ ਤੋਂ ਜੂਨ ਤੱਕ 8,552 ਬੱਚਿਆਂ ਨੂੰ ਐਮਰਜੈਂਸੀ ਦੇਖ਼ਭਾਲ ਦੀ ਲੋੜ ਸੀ, ਜੋ ਗਿਣਤੀ 2019 ਵਿਚ 5,219 ਸੀ। ਆਰ. ਸੀ. ਪੀ. ਨੇ ਦੱਸਿਆ ਕਿ ਲਗਭਗ 340,694 ਬੱਚੇ ਹੁਣ ਇੰਗਲੈਂਡ ਵਿਚ ਮਾਨਸਿਕ ਸਿਹਤ ਸੇਵਾਵਾਂ ਦੇ ਸੰਪਰਕ ਵਿਚ ਹਨ ਅਤੇ ਇਹ ਅੰਕੜੇ ਜੂਨ 2019 ਵਿਚ 225,480 ਸਨ।

cherry

This news is Content Editor cherry