ਯੂ.ਕੇ ''ਚ ਗੈਰ-ਕਾਨੂੰਨੀ ਰੂਪ ਨਾਲ ਕੰਮ ਕਰ ਰਹੇ 3 ਭਾਰਤੀ ਕਾਬੂ

Monday, Mar 26, 2018 - 05:30 PM (IST)

ਲੰਡਨ(ਰਾਜਵੀਰ ਸਮਰਾ)— ਮਿੰਨੀ ਪੰਜਾਬ ਸਾਊਥਾਲ ਦੇ ਨੇੜਲੇ ਸ਼ਹਿਰ ਹੇਜ਼ ਦੀ ਆਕਸਬ੍ਰਿਜ਼ ਰੋਡ ਸਥਿਤ ਕ੍ਰਿਸ਼ਨਾ ਕੈਸ਼ ਐਂਡ ਕੈਰੀ ਸਟੋਰ ਨੂੰ ਇੰਮੀਗ੍ਰੇਸ਼ਨ ਵਿਭਾਗ ਵਲੋਂ ਕੀਤੀ ਛਾਪੇਮਾਰੀ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਛਾਪੇਮਾਰੀ ਦੌਰਾਨ ਇੰਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਭਾਰਤੀ ਮੂਲ ਦੇ ਤਿੰਨ ਵਿਅਕਤੀ ਜਿਨ੍ਹਾਂ ਦੀ ਉਮਰ ਕ੍ਰਮਵਾਰ 32, 34 ਤੇ 36 ਸਾਲ ਹੈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਲੋਕ ਸਟੋਰ 'ਚ ਕੰਮ ਕਰਦੇ ਸਨ ਤੇ ਇਨ੍ਹਾਂ ਦੀ ਵੀਜ਼ਾ ਮਿਆਦ ਲੰਘ ਚੁੱਕੀ ਸੀ।
ਇੱਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ 2016 ਤੋਂ ਅਕਤੂਬਰ 2017 ਤੱਕ ਹੋਈ ਛਾਪੇਮਾਰੀ ਦੌਰਾਨ 10 ਕਾਮਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲ ਯੂ.ਕੇ. ਵਿਚ ਰਹਿਣ ਤੇ ਕੰਮ ਕਰਨ ਦਾ ਅਧਿਕਾਰ ਨਹੀਂ ਸੀ। ਇੰਮੀਗ੍ਰੇਸ਼ਨ ਅਧਿਕਾਰੀਆਂ ਨੇ 21 ਮਾਰਚ ਨੂੰ ਇੰਮੀਗ੍ਰੇਸ਼ਨ ਐਕਟ 2016 ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ 48 ਘੰਟਿਆਂ ਵਿਚ ਸਟੋਰ ਨੂੰ ਬੰਦ ਕਰ ਦਿੱਤਾ। ਇਹ ਕਾਰੋਬਾਰ ਇੰਮੀਗ੍ਰੇਸ਼ਨ ਨਿਯਮਾਂ ਤਹਿਤ ਅਗਲੇ 12 ਮਹੀਨਿਆਂ ਤੱਕ ਬੰਦ ਰੱਖਣਾ ਪੈ ਸਕਦਾ ਹੈ। ਪੱਛਮੀ ਲੰਡਨ ਇੰਮੀਗ੍ਰੇਸ਼ਨ ਇਨਫੋਰਸਮੈਂਟ ਟੀਮ ਦੇ ਸਹਾਇਕ ਡਾਇਰੈਕਟਰ ਕ੍ਰਿਸ ਐਡਵਰਡ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਯੂ.ਕੇ. ਵਿਚ ਕੰਮ ਕਰਨ ਦਾ ਅਧਿਕਾਰ ਨਹੀਂ ਹੈ ਅਜਿਹੇ ਲੋਕਾਂ ਨੂੰ ਕੰਮ 'ਤੇ ਰੱਖਣਾ ਕਾਨੂੰਨੀ ਜ਼ੁਰਮ ਹੈ।


Related News