ਹਾਂਗਕਾਂਗ ਦੇ 30 ਲੱਖ ਨਾਗਰਿਕਾਂ ਲਈ ਬ੍ਰਿਟੇਨ ਖੋਲ੍ਹੇਗਾ ਆਪਣੇ ਦਰਵਾਜ਼ੇ : ਜਾਨਸਨ

06/03/2020 6:35:18 PM

ਲੰਡਨ (ਭਾਸ਼ਾ): ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਬੁੱਧਵਾਰ ਨੂੰ ਕਿਹਾ ਕਿ ਬ੍ਰਿਟੇਨ ਹਾਂਗਕਾਂਗ ਦੇ ਲੱਗਭਗ 30 ਲੱਖ ਨਾਗਰਿਕਾਂ ਦੀ ਮਦਦ ਲਈ ਆਪਣੇ ਦਰਵਾਜ਼ੇ ਖੋਲ੍ਹਣ ਲਈ ਤਿਆਰ ਹੈ। ਇਸ ਵਿਚ ਸ਼ਹਿਰ ਦੀ ਨੇਤਾ ਕੈਰੀ ਲੈਮ ਰਾਸ਼ਟਰੀ ਸੁਰੱਖਿਆ ਕਾਨੂੰਨ ਸਬੰਧੀ ਹੋਣ ਵਾਲੀਆਂ ਬੈਠਕਾਂ ਵਿਚ ਹਿੱਸਾ ਲੈਣ ਦੇ ਲਈ ਬੀਜਿੰਗ ਪਹੁੰਚ ਗਈ ਹੈ। ਹਾਂਗਕਾਂਗ ਦੇ ਇਕ ਅਖ਼ਬਾਰ ਵਿਚ ਆਨਲਾਈਨ ਪ੍ਰਕਾਸ਼ਿਤ ਇਕ ਕਾਲਮ ਵਿਚ ਜਾਨਸਨ ਨੇ ਕਿਹਾ ਹੈ ਕਿ ਸੁਰੱਖਿਆ ਕਾਨੂੰਨ ਹਾਂਗਕਾਂਗ ਵਿਚ ਆਜ਼ਾਦੀ ਵਿਚ ਰੁਕਾਵਟ ਪਾਵੇਗਾ ਅਤੇ ਇਹ 1997 ਵਿਚ ਸਾਬਕਾ ਬ੍ਰਿਟਿਸ਼ ਕਲੋਨੀ ਹਾਂਗਕਾਂਗ ਨੂੰ ਵਾਪਸ ਲੈਣ ਲਈ ਚੀਨ ਦੇ ਬ੍ਰਿਟੇਨ ਦੇ ਨਾਲ ਹੋਏ ਸਮਝੌਤੇ ਵਿਚ ਰੱਖੀਆਂ ਗਈਆਂ ਸ਼ਰਤਾਂ ਦੀ ਉਲੰਘਣਾ ਹੋਵੇਗੀ। 

ਗੌਰਤਲਬ ਹੈ ਕਿ ਹਾਂਗਕਾਂਗ ਨੂੰ ਸੌਂਪਣ ਲਈ ਬ੍ਰਿਟੇਨ ਅਤੇ ਚੀਨ ਵਿਚਾਲੇ ਸਮਝੌਤਾ ਹੋਇਆ ਸੀ ਜਿਸ ਦੇ ਤਹਿਤ ਇਹ ਸ਼ਰਤ ਰੱਖੀ ਗਈ ਸੀ ਕਿ ਹਾਂਗਕਾਂਗ ਇਕ ਵਿਸ਼ੇਸ਼ ਪ੍ਰਬੰਧਕੀ ਖੇਤਰ ਹੋਵੇਗਾ ਅਤੇ ਉਸ ਦੀ ਖੁਦਮੁਖਤਿਆਰੀ ਪਹਿਲਾਂ ਵਾਂਗ ਹੀ ਬਰਕਰਾਰ ਰਹੇਗੀ ਅਤੇ ਭਵਿੱਖ ਵਿਚ ਉਸ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ ਪਰ ਚੀਨ ਪਿਛਲੇ ਕਈ ਸਾਲਾਂ ਤੋਂ ਹਾਂਗਕਾਂਗ ਦੇ ਅੰਦਰੂਨੀ ਮਾਮਲਿਆਂ ਵਿਚ ਲਗਾਤਾਰ ਦਖ਼ਲ ਦਿੰਦਾ ਰਿਹਾ ਹੈ ਅਤੇ ਉਸ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿਚ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ ਹੈ ਅਤੇ ਲਗਾਤਾਰ ਲੋਕਾਂ ਦੇ ਅਧਿਕਾਰਾਂ ਨੂੰ ਕੁਚਲਣ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਜਾਨਸਨ ਨੇ 'ਸਾਊਥ ਚਾਈਨਾ ਮੋਰਨਿੰਗ ਪੋਸਟ' ਵਿਚ ਲਿਖਿਆ ਹੈ,''ਹਾਂਗਕਾਂਗ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਜੀਵਨ ਨੂੰ ਲੈ ਕੇ ਡਰ ਲੱਗ ਰਿਹਾ ਹੈ ਜੋ ਖਤਰੇ ਵਿਚ ਹੈ ਜਦਕਿ ਚੀਨ ਨੇ ਲੋਕਾਂ ਦੇ ਜੀਵਨ ਦੀ ਰੱਖਿਆ ਅਤੇ ਉਹਨਾਂ ਦੇ ਅਧਿਕਾਰ ਨੂੰ ਬਣਾਈ ਰੱਖਣ ਦਾ ਸੰਕਲਪ ਲਿਆ ਸੀ।'' 

ਉਹਨਾਂ ਨੇ ਕਿਹਾ ਕਿ ਜੇਕਰ ਚੀਨ ਉਹਨਾਂ ਦੇ ਡਰ ਨੂੰ ਸਹੀ ਠਹਿਰਾਉਣ ਲਈ ਅੱਗੇ ਵੱਧਦਾ ਹੈ ਤਾਂ ਬ੍ਰਿਟੇਨ ਚੁੱਪ ਨਹੀਂ ਬੈਠੇਗਾ। ਚੀਨ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਐਲਾਨ ਕੀਤਾ ਸੀ ਕਿ ਉਹ ਹਾਂਗਕਾਂਗ ਦੇ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰੇਗਾ। ਇਸ ਕਦਮ ਦੀ ਸਮਰਥਕ ਹਾਂਗਕਾਂਗ ਦੀ ਨੇਤਾ ਕੈਰੀ ਲੈਮ ਬੁੱਧਵਾਰ ਸਵੇਰੇ ਪ੍ਰਸਤਾਵਿਤ ਕਾਨੂੰਨ 'ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਬੈਠਕ ਦੇ ਲਈ ਬੀਜਿੰਗ ਪਹੁੰਚੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਇਸ ਮਹੀਨੇ ਦੇ ਅਖੀਰ ਜਾਂ ਅਗਸਤ ਦੇ ਅਖੀਰ ਤੱਕ ਕਾਨੂੰਨ ਲਾਗੂ ਕਰ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਜੌਰਜ ਨੂੰ ਸ਼ਰਧਾਂਜਲੀ ਦੇਣ ਲਈ ਤੇਜ਼ ਧੁੱਪ 'ਚ 60,000 ਲੋਕਾਂ ਨੇ ਕੱਢਿਆ ਸ਼ਾਂਤੀ ਮਾਰਚ (ਤਸਵੀਰਾਂ)

ਜਾਨਸਨ ਨੇ ਆਪਣੇ ਕਾਲਮ ਵਿਚ ਕਿਹਾ ਕਿ ਹਾਂਗਕਾਂਗ ਦੇ ਲੱਗਭਗ 3,50,000 ਨਾਗਰਿਕਾਂ ਕੋਲ ਬ੍ਰਿਟਿਸ਼ ਨੈਸ਼ਨਲ ਓਵਰਸੀਜ ਪਾਸਪੋਰਟ ਹਨ ਜੋ ਉਹਨਾਂ ਨੂੰ ਬਸਤੀਵਾਦੀ ਯੁੱਗ ਦੇ ਸਮੇਂ ਤੋਂ ਹਾਸਲ ਹਨ ਅਤੇ 25 ਲੱਖ ਹੋਰ ਲੋਕ ਅਰਜ਼ੀਆਂ ਦੇਣ ਦੇ ਪਾਤਰ ਹਨ। ਚੀਨ ਦੇ ਐਲਾਨ ਦੇ ਬਾਅਦ ਤੋਂ ਸ਼ਹਿਰ ਵਿਚ ਕਈ ਲੋਕ ਆਪਣੇ ਬੀ.ਐੱਨ.ਓ. ਪਾਸਪੋਰਟ ਲਈ ਅਰਜ਼ੀਆਂ ਦੇਣ ਜਾਂ ਉਸ ਨੂੰ ਨਵਿਆਉਣ ਦੀ ਪ੍ਰਕਿਰਿਆ ਵਿਚ ਲੱਗ ਗਏ ਹਨ ਜਿਸ ਨਾਲ ਸ਼ਹਿਰ ਵਿਚ ਡੀ.ਐੱਚ.ਐੱਲ. ਕੂਰੀਅਰ ਦਫਤਰਾਂ ਵਿਚ ਲੰਬੀਆਂ ਕਤਾਰਾਂ ਲੱਗ ਗਈਆਂ ਹਨ।


Vandana

Content Editor

Related News