ਬ੍ਰਿਟੇਨ : ਪੁਰਸ਼ਾਂ-ਔਰਤਾਂ ''ਚ ਭੇਦਭਾਵ ਦਰਸਾਉਣ ਵਾਲੇ ਵਿਗਿਆਪਨਾਂ ''ਤੇ ਪਾਬੰਦੀ

06/18/2019 2:27:28 PM

ਲੰਡਨ (ਏਜੰਸੀ)— ਬ੍ਰਿਟੇਨ ਵਿਚ ਹੁਣ ਪੁਰਸ਼ਾਂ-ਔਰਤਾਂ ਵਿਚ ਭੇਦਭਾਵ ਦਰਸਾਉਣ ਵਾਲੇ ਵਿਗਿਆਪਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ ਵਿਚ ਔਰਤਾਂ ਨੂੰ ਕੰਮ ਕਰਦਿਆਂ ਤੇ ਪੁਰਸ਼ਾਂ ਨੂੰ ਆਰਾਮ ਕਰਦਿਆਂ ਦਿਖਾਉਣਾ ਅਤੇ ਔਰਤਾਂ ਵੱਲੋਂ ਕਾਰ ਪਾਰਕ ਨਾ ਕਰ ਪਾਉਣਾ ਤੇ ਪੁਰਸ਼ਾਂ ਵੱਲੋਂ ਬੱਚੇ ਦੀ ਨੈਪੀ ਨਾ ਬਦਲ ਸਕਣ ਜਿਹੇ ਵਿਗਿਆਪਨ ਸ਼ਾਮਲ ਹਨ। ਮਾਹਰਾਂ ਮੁਤਾਬਕ ਔਰਤਾਂ ਅਤੇ ਪੁਰਸ਼ਾਂ ਵਿਚ ਬਰਾਬਰੀ ਲਿਆਉਣ ਦੀ ਦਿਸ਼ਾ ਵਿਚ ਇਹ ਵੱਡਾ ਕਦਮ ਹੈ। 

ਬ੍ਰਿਟੇਨ ਦੇ ਐਡਵਰਟਾਈਜਿੰਗ ਸਟੈਂਡਰਡਜ਼ ਅਥਾਰਿਟੀ (ਏ.ਐੱਸ.ਏ.) ਮੁਤਾਬਕ ਨਵੇਂ ਨਿਯਮਾਂ ਦੇ ਲਾਗੂ ਹੋਣ ਦੇ ਬਾਅਦ ਔਰਤਾਂ ਦਾ ਚੰਗੀ ਤਰ੍ਹਾਂ ਡਰਾਈਵਿੰਗ ਨਾ ਕਰ ਪਾਉਣਾ ਜਾਂ ਔਰਤਾਂ ਵੱਲੋਂ ਸਾਫ-ਸਫਾਈ ਕਰਦੇ ਰਹਿਣਾ ਅਤੇ ਪੁਰਸ਼ਾਂ ਦਾ ਸੋਫੇ 'ਤੇ ਬੈਠ ਕੇ ਆਰਾਮ ਕਰਨਾ ਜਿਹੇ ਵਿਗਿਆਪਨਾਂ ਵਿਚ ਕਮੀ ਆਵੇਗੀ। ਇਸੇ ਤਰ੍ਹਾਂ ਔਰਤਾਂ ਦੇ ਅਕਸ ਨੂੰ ਖਰਾਬ ਕਰਨ ਵਾਲੇ ਐਡ ਦਿਖਾਉਣਾ ਹੁਣ ਨਿਯਮ ਵਿਰੁੱਧ ਮੰਨਿਆ ਜਾਵੇਗਾ। ਅਜਿਹਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ। 

ਏ.ਐੱਸ.ਏ. ਨੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਤਬਦੀਲੀ ਲਈ 6 ਮਹੀਨੇ ਦਾ ਸਮਾਂ ਦਿੱਤਾ ਹੈ। ਏ.ਐੱਸ.ਏ. ਦੇ ਪ੍ਰਮੁੱਖ ਗਾਈ ਪਾਰਕਰ ਨੇ ਬਿਆਨ ਵਿਚ ਕਿਹਾ ਕਿ ਵੱਖ-ਵੱਖ ਸਟੱਡੀਜ਼ ਤੋਂ ਪਤਾ ਚੱਲਦਾ ਹੈ ਕਿ ਵਿਗਿਆਪਨਾਂ ਵਿਚ ਲਿੰਗੀ ਭੇਦਭਾਵ ਦਿਖਾਉਣ ਨਾਲ ਸਮਾਜ ਵਿਚ ਅਸਮਾਨਤਾ ਫੈਲ ਸਕਦੀ ਹੈ। ਇਸ ਦੀ ਕੀਮਤ ਸਾਨੂੰ ਸਾਰਿਆਂ ਨੂੰ ਚੁਕਾਉਣੀ ਪਵੇਗੀ। ਪਾਰਕਰ ਨੇ ਕਿਹਾ ਕਿ ਸੰਸਥਾ ਦਾ ਸਾਰੇ ਵਿਗਿਆਪਨਾਂ 'ਤੇ ਪਾਬੰਦੀ ਲਗਾਉਣ ਦਾ ਇਰਾਦਾ ਨਹੀਂ ਹੈ ਪਰ ਜਿਨ੍ਹਾਂ ਦਾ ਬੁਰਾ ਅਸਰ ਪੈਂਦਾ ਹੈ ਉਨ੍ਹਾਂ 'ਤੇ ਪਾਬੰਦੀ ਲਗਾਉਣੀ ਲਾਜ਼ਮੀ ਹੈ। 

ਪਾਰਕਰ ਨੇ ਕਿਹਾ ਕਿ ਬੱਚੇ ਦੀਆਂ ਸੰਭਾਵਨਾਵਾਂ 'ਤੇ ਬਣਨ ਵਾਲੇ ਐਡ ਜਿਵੇਂ ਮੁੰਡੇ ਤਾਂ ਇੰਜੀਨੀਅਰ ਹੀ ਬਣਨਗੇ ਜਾਂ ਕੁੜੀਆਂ ਡਾਂਸ ਹੀ ਚੰਗਾ ਕਰ ਸਕਦੀਆਂ ਹਨ ਜਿਹੀ ਮਾਨਸਿਕਤਾ ਦਰਸਾਉਣਾ ਵੀ ਮਨਜ਼ੂਰ ਨਹੀਂ ਹੋਵੇਗਾ। 

ਆਨਲਾਈਨ ਅਤੇ ਸੋਸ਼ਲ ਮੀਡੀਆ 'ਤੇ ਵੀ ਇਹ ਪਾਬੰਦੀ ਲਾਗੂ
ਏ.ਐੱਸ.ਏ. ਦਾ ਤਰਕ ਹੈ ਕਿ ਅੱਜਕਲ੍ਹ ਲੋਕ ਆਨਲਾਈਨ ਅਤੇ ਸੋਸ਼ਲ ਮੀਡੀਆ 'ਤੇ ਵੀ ਬਰਾਬਰ ਸਰਗਰਮ ਹਨ। ਇਸ ਲਈ ਇਨ੍ਹਾਂ ਨੂੰ ਵੀ ਦਾਇਰੇ ਵਿਚ ਲਿਆਂਦਾ ਗਿਆ ਹੈ। ਇਸ ਲਈ ਏ.ਐੱਸ.ਏ. ਨੇ ਔਰਤਾਂ ਅਤੇ ਪੁਰਸ਼ਾਂ ਦੇ ਸਮੂਹ ਨੂੰ ਵਿਗਿਆਪਨ ਦਿਖਾ ਕੇ ਪੁੱਛਿਆ ਸੀ ਕਿ ਪੁਰਸ਼ਾਂ ਅਤੇ ਔਰਤਾਂ ਦੀ ਭੂਮਿਕਾ ਨੂੰ ਦੇਖ ਕੇ ਉਹ ਕਿਹੋ ਜਿਹਾ ਮਹਿਸੂਸ ਕਰਦੇ ਹਨ। ਇਸ ਦੌਰਾਨ ਕੁਝ ਮਾਤਾ-ਪਿਤਾ ਨੇ ਉਨ੍ਹਾਂ ਵਿਗਿਆਪਨਾਂ 'ਤੇ ਇਤਰਾਜ਼ ਜ਼ਾਹਰ ਕੀਤਾ ਸੀ, ਜਿਨ੍ਹਾਂ ਵਿਚ ਬੱਚਿਆਂ ਦੇ ਭਵਿੱਖ ਜਾਂ ਪ੍ਰੋਫੈਸ਼ਨ ਸਬੰਧੀ ਜ਼ਿਕਰ ਸੀ।

Vandana

This news is Content Editor Vandana