ਬ੍ਰਿਟੇਨ : ਪਾਬੰਦੀਆਂ ''ਚ ਮਿਲੀ ਛੋਟ, ਬੰਦ ਰਹਿਣਗੇ ਨਾਈਟ ਕਲੱਬ

07/18/2020 3:11:37 PM

ਲੰਡਨ,(ਰਾਜਵੀਰ ਸਮਰਾ)- ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਲਾਕਡਾਊਨ 'ਚ ਕਈ ਛੋਟਾਂ ਦਾ ਐਲਾਨ ਕੀਤਾ ਹੈ ਪਰ ਨਾਈਟ ਕਲੱਬ ਅਤੇ ਸਾਫ਼ਟ ਪਲੇਅ ਸੈਂਟਰ ਅਜੇ ਬੰਦ ਰਹਿਣਗੇ। ਪ੍ਰਧਾਨ ਮੰਤਰੀ ਨੇ ਜਨ ਜੀਵਨ 'ਚ ਦਿੱਤੀਆਂ ਜਾਣ ਵਾਲੀਆਂ ਢਿੱਲਾਂ ਬਾਰੇ ਦੱਸਦਿਆਂ ਕਾਮਿਆਂ ਨੂੰ ਆਖਿਆ ਕਿ ਉਹ ਆਪਣੇ ਦਫ਼ਤਰਾਂ 'ਚ ਜਾ ਸਕਦੇ ਹਨ ਅਤੇ ਜਨਤਕ ਆਵਾਜਾਈ ਹੁਣ ਕਾਫ਼ੀ ਹੱਦ ਤੱਕ ਸੁਰੱਖਿਅਤ ਹੈ।

ਉਨ੍ਹਾਂ ਕਿਹਾ ਕਿ ਨਾਈਟ ਕਲੱਬ ਅਤੇ ਸਾਫ਼ਟ ਪਲੇਅ ਸੈਂਟਰ ਅਜੇ ਬੰਦ ਰਹਿਣਗੇ ਕਿਉਂਕਿ ਸੁਰੱਖਿਆ ਦੇ ਲਿਹਾਜ਼ ਨਾਲ ਇਨ੍ਹਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਫ਼ਰਮਾਂ ਵੀ ਬੰਦ ਰਹਿਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਮਹੀਨੇ ਐਲਾਨ ਕੀਤੇ ਜਾਣ ਵਾਲੇ ਲਾਕਡਾਊਨ 'ਚ ਕਾਫ਼ੀ ਨਰਮੀ ਕੀਤੀ ਜਾ ਸਕਦੀ ਹੈ। ਵਪਾਰਕ ਅਦਾਰੇ ਪਹਿਲੀ ਅਗਸਤ ਤੋਂ ਖੁੱਲ੍ਹ ਸਕਦੇ ਹਨ। ਕੈਸੀਨੋ, ਲੀਅਰ ਸੈਂਟਰ, ਸਕੇਟਿੰਗ ਰਿੰਗ, ਫੈਸ਼ੀਅਲ ਅਤੇ ਬਿਊਟੀ ਸੈਲੂਨ, ਥਿਏਟਰ, ਮਿਊਜ਼ਿਕ ਹਾਲ ਆਦਿ ਜਨਤਕ ਦੂਰੀ ਦਾ ਪਾਲਨਾ ਕਰਦਿਆਂ ਖੋਲ੍ਹੇ ਜਾ ਸਕਦੇ ਹਨ ਪਰ ਅਜੇ ਫ਼ਿਲਹਾਲ ਨਹੀਂ। 

ਸਰਕਾਰ ਵਲੋਂ ਸਰਦੀਆਂ 'ਚ ਵਾਇਰਸ ਦੇ ਟਾਕਰੇ ਲਈ ਇਕ ਦਿਨ 'ਚ ਕਰੀਬ 5 ਲੱਖ ਟੈਸਟ ਕਰਨ ਦੀ ਵਿਵਸਥਾ ਕੀਤੀ ਜਾ ਰਹੀ ਅਤੇ ਹਸਪਤਾਲਾਂ 'ਚ ਵੀ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਜੌਹਨਸਨ ਨੇ ਕਿਹਾ ਕਿ ਜਿਮਨੇਜੀਅਮ ਸੈਂਟਰ 25 ਜੁਲਾਈ ਤੋਂ ਖੁੱਲ੍ਹ ਸਕਦੇ ਹਨ। ਸੱਭਿਆਚਾਰ ਤੇ ਮੀਡੀਆ ਮਾਮਲਿਆਂ ਦੇ ਸਕੱਤਰ ਓਲੀਵਰ ਡੋਅਡਿਨ ਨੇ ਕਿਹਾ ਕਿ ਸਮਾਜਿਕ ਦੂਰੀ ਧਿਆਨ 'ਚ ਰੱਖਦਿਆਂ ਇਨਡੋਰ ਆਡੀਟੋਰੀਅਮ 'ਚ ਕੰਮ ਹੋ ਸਕਦਾ ਹੈ¢ ਵਿਆਹ ਸਮਾਗਮਾਂ 'ਚ ਕੇਵਲ 30 ਲੋਕ ਇਕੱਤਰ ਹੋ ਸਕਦੇ ਹਨ।

Lalita Mam

This news is Content Editor Lalita Mam