ਅਮਰੀਕਾ : ਉਬੇਰ ਡਰਾਇਵਰ ਕਰਦਾ ਸੀ ਨਸ਼ੇੜੀ ਔਰਤਾਂ ਨਾਲ ਬਲਾਤਕਾਰ

01/24/2018 11:35:22 PM

ਵਾਸ਼ਿੰਗਟਨ— ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਇਕ ਉਬੇਰ ਡਰਾਇਵਰ 'ਤੇ ਬਲਾਤਕਾਰ ਤੇ ਲੁੱਟ ਖੋਹ ਕਰਨ ਦਾ ਦੋਸ਼ ਲੱਗਾ ਹੈ। ਇਹ ਜਾਣਕਾਰੀ ਕੈਲੇਫੋਰਨੀਆ ਦੇ ਸਰਕਾਰੀ ਵਕੀਲਾਂ ਨੇ ਦਿੱਤੀ ਹੈ। ਸਾਨ ਲੁਈਸ ਓਬੀਸਪੋ ਜ਼ਿਲੇ ਦੇ ਅਟਾਰਨੀ ਡੇਨ ਡੋਅ ਨੇ ਸੋਮਵਾਰ ਨੂੰ ਕਿਹਾ ਕਿ 39 ਸਾਲਾ ਅਲਫੈਂਸੋ ਅਲਾਰਕੋਨ ਨੂਨਜ 'ਤੇ 10 ਅਪਰਾਧਿਕ ਮਾਮਲੇ ਚਾਰਜ ਕੀਤੇ ਗਏ ਹਨ, ਜਿਨ੍ਹਾਂ 'ਚ ਬਲਾਤਕਾਰ, ਲੁੱਟ ਖੋਹ ਤੇ ਸ਼ੋਸ਼ਣ ਵਰਗੇ ਮਾਮਲੇ ਸ਼ਾਮਲ ਹੈ। ਇਹ ਸਾਰੇ ਮਾਮਲੇ 17 ਦਸੰਬਰ 2017, 5 ਤੇ 14 ਜਨਵਰੀ 2018 ਦੇ ਹਨ।

ਦੋਸ਼ੀ ਉਬੇਰ ਡਰਾਇਵਿੰਗ ਦੌਰਾਨ ਆਪਣਾ ਨਾਂ ਬਰੁਨੋ ਡਿਆਜ਼ ਦੱਸਦਾ ਸੀ। ਪੁਲਸ ਨੇ ਉਸ ਨੂੰ ਸਾਂਤਾ ਮਾਰੀਆ ਕੈਲੇਫੋਰਨੀਆ ਤੋਂ ਉਸ ਦੇ ਘਰੋਂ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਅਧਿਕਾਰੀਆਂ ਨੇ ਘਰ ਦੀ ਤਲਾਸ਼ੀ ਲਈ ਤਾਂ ਪਤਾ ਲੱਗਾ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਇਥੇ ਰਹਿ ਰਿਹਾ ਸੀ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਉਸ ਨੂੰ ਸਾਲ 2005 'ਚ ਨਿਊ ਮੈਕਸੀਕੋ ਤੋਂ ਡਿਪੋਰਟ ਵੀ ਕੀਤਾ ਜਾ ਚੁੱਕਾ ਹੈ।
ਉਥੇ ਹੀ ਦੋਸ਼ੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਡੋਅ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਨੇ ਪੁਖਤਾ ਕੀਤੀ ਕਿ ਇਹ ਦੋਸ਼ੀ ਮੈਕਸੀਨ ਦਾ ਨਾਗਰਿਕ ਹੈ ਤੇ ਇਸ ਕੋਲ 2015 ਦਾ ਕੈਲੇਫੋਰਨੀਆ ਦਾ ਡਰਾਇਵਿੰਗ ਲਾਇਸੰਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਕਦੋਂ ਤੋਂ ਅਮਰੀਕਾ 'ਚ ਰਹਿ ਰਿਹਾ ਹੈ।