ਪਿਆਰ ਨਹੀਂ ਮੰਨਦਾ ਦੇਸ਼ਾਂ ਦੀਆਂ ਕੰਧਾਂ ਨੂੰ, ਪ੍ਰੇਮੀ ਜੋੜੇ ਨੇ ਸਰਹੱਦ 'ਤੇ ਕਰਵਾਇਆ ਵਿਆਹ (ਤਸਵੀਰਾਂ)

11/23/2017 2:44:47 PM

ਵਾਸ਼ਿੰਗਟਨ/ਮੈਕਸੀਕੋ— ਕਹਿੰਦੇ ਨੇ ਸੱਚਾ ਪਿਆਰ ਕਿਸੇ ਕੰਧ ਜਾਂ ਸਰਹੱਦ ਨੂੰ ਨਹੀਂ ਮੰਨਦਾ। ਅਮਰੀਕੀ ਲਾੜੇ ਬਰੇਨ ਹਾਊਸਟਨ ਅਤੇ ਮੈਕਸੀਕੋ ਦੀ ਲਾੜੀ ਅਵੀਲੀਆ ਨੇ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ। ਇਸ ਜੋੜੇ ਨੇ ਦੋਹਾਂ ਦੇਸ਼ਾਂ ਦੀ ਸਰਹੱਦ 'ਤੇ ਦੋ ਦਿਨ ਪਹਿਲਾਂ ਸੁਰੱਖਿਆ ਅਧਿਕਾਰੀਆਂ ਦੀ ਮੌਜੂਦਗੀ 'ਚ ਵਿਆਹ ਕਰਵਾਇਆ। ਸਾਲ 2003 ਤੋਂ ਹਰ ਸਾਲ ਇਕ ਵਾਰ ਸਰਹੱਦ 'ਤੇ ਬਣਿਆ ਲੋਹੇ ਦਾ ਦਰਵਾਜ਼ਾ ਖੁੱਲ੍ਹਦਾ ਹੈ, ਜਿਸ ਨੂੰ 'ਡੋਰ ਆਫ ਹੋਪ' ਕਿਹਾ ਜਾਂਦਾ ਹੈ। ਦੋਵੇਂ ਦੇਸ਼ਾਂ 'ਚ ਰਹਿਣ ਵਾਲੇ ਸੈਂਕੜੇ ਪਰਿਵਾਰ ਇੱਥੇ ਆਪਣੇ ਵਿੱਛੜੇ ਪਰਿਵਾਰਾਂ ਨੂੰ ਮਿਲਦੇ ਹਨ। 


ਇਸ ਜੋੜੇ ਦੇ ਵਿਆਹ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਤੇ ਨਾਲ ਹੀ ਇਹ ਵੀ ਮੰਨ ਗਏ ਕਿ ਸੱਚਾ ਪਿਆਰ ਕਿਸੇ ਸਰਹੱਦ ਨੂੰ ਨਹੀਂ ਮੰਨਦਾ। ਇਹ ਵਿਆਹ ਉਸ ਥਾਂ 'ਤੇ ਹੋਇਆ ਜਿੱਥੇ ਸਾਲ 'ਚ ਇਕ ਵਾਰ ਹੀ ਲੋਕ ਆਪਣੇ ਪਰਿਵਾਰ ਨੂੰ ਕੁੱਝ ਸਮੇਂ ਲਈ ਮਿਲ ਸਕਦੇ ਹਨ। ਦਰਵਾਜ਼ੇ ਦੇ ਬੰਦ ਹੁੰਦਿਆਂ ਹੀ ਜੋੜਾ ਆਪਣੇ-ਆਪਣੇ ਦੇਸ਼ ਲਈ ਚਲਾ ਗਿਆ ਪਰ ਕੀ ਉਨ੍ਹਾਂ ਦੇ ਪਿਆਰ ਦਾ ਅੰਤ ਇੱਥੇ ਹੀ ਹੋ ਜਾਵੇਗਾ ਜਾਂ ਫਿਰ ਇੱਥੇ ਬੱਝੀ ਆਸ ਦੀ ਡੋਰ ਉਨ੍ਹਾਂ ਦੀਆਂ ਸਰਹੱਦਾਂ ਨੂੰ ਖਤਮ ਕਰ ਦੇਵੇਗੀ, ਇਸ ਬਾਰੇ ਅਜੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ।

ਅਵੀਲੀਆ ਤੇ ਬਰੇਨ ਹਾਊਸਟਨ ਲਈ ਅਗਲਾ ਸਫਰ ਮੁਸ਼ਕਲ ਹੈ ਤਾਂ ਹੈ ਪਰ ਉਨ੍ਹਾਂ ਦੇ ਹੌਂਸਲੇ ਮਜ਼ਬੂਤ ਹਨ। ਤੁਹਾਨੂੰ ਦੱਸ ਦਈਏ ਕਿ ਵਿਆਹ ਕਰਵਾਉਣ ਤੋਂ ਪਹਿਲਾਂ ਜੋੜੇ ਨੇ ਅਧਿਕਾਰੀਆਂ ਨਾਲ ਇਸ ਸੰਬੰਧੀ ਸਾਰੀ ਗੱਲ ਕਰ ਲਈ ਸੀ ਤੇ ਉਹ ਗੇਟ ਖੁੱਲ੍ਹਣ ਤੋਂ ਪਹਿਲਾਂ ਲਾੜਾ-ਲਾੜੀ ਦੇ ਪਹਿਰਾਵਿਆਂ 'ਚ ਸਰਹੱਦਾਂ 'ਤੇ ਪੁੱਜ ਗਏ ਸਨ।