ਇਸ ਦੇਸ਼ ਦੀ ਦਵਾਈ ਕੰਪਨੀ ਸਭ ਤੋਂ ਪਹਿਲਾਂ ਅਮਰੀਕਾ ਨੂੰ ਦੇਵੇਗੀ ਕੋਰੋਨਾ ਦੀ ਵੈਕਸੀਨ

05/14/2020 2:35:12 PM

ਪੈਰਿਸ- ਜੇਕਰ ਫਰਾਂਸ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਵਿਕਸਿਤ ਕਰਨ ਵਿਚ ਕੰਪਨੀਆਂ ਨੂੰ ਸਫਲਤਾ ਹਾਸਲ ਹੋ ਗਈ ਤਾਂ ਸਭ ਤੋਂ ਪਹਿਲਾਂ ਦੇਸ਼ ਅਮਰੀਕਾ ਹੋਵੇਗਾ, ਜਿਸ ਨੂੰ ਕੋਵਿਡ-19 ਦੀ ਦਵਾਈ ਮਿਲੇਗੀ। ਫ੍ਰੈਂਚ ਫਾਰਮਾਯੂਟਿਕਲ ਕੰਪਨੀ ਸੈਨੋਫੀ ਦੇ ਸੀ.ਈ.ਓ. ਪਾਲ ਹਡਸਨ ਨੇ ਬਲੂਮਬਰਗ ਨੂੰ ਦਿੱਤੇ ਇੰਟਰਵਿਊ ਵਿਚ ਇਹ ਗੱਲ ਕਹੀ ਹੈ। ਹਡਸਨ ਨੇ ਕਿਹਾ ਕਿ ਜੇਕਰ ਉਹਨਾਂ ਦੀ ਕੰਪਨੀ ਵੈਕਸੀਨ ਡਿਵਲਪ ਕਰਨ ਵਿਚ ਸਮਰਥ ਹੁੰਦੀ ਹੈ ਤਾਂ ਅਮਰੀਕਾ ਦੀ ਸਰਕਾਰ ਦੇ ਕੋਲ ਅਧਿਕਾਰ ਹੋਵੇਗਾ ਕਿ ਉਹ ਭਾਰੀ ਮਾਤਰਾ ਵਿਚ ਇਸ ਦਾ ਪ੍ਰੀ-ਆਰਡਰ ਬੁੱਕ ਕਰ ਸਕੇ।

ਮਾਲਕ ਬੋਲੇ- ਅਮਰੀਕਾ ਨੇ ਲਿਆ ਰਿਸਕ
ਹਡਸਨ ਨੇ ਕਿਹਾ ਕਿ ਅਮਰੀਕੀ ਸਰਕਾਰ ਦੇ ਕੋਲ ਸਭ ਤੋਂ ਪਹਿਲਾਂ ਵੈਕਸੀਨ ਹਾਸਲ ਕਰਨ ਦਾ ਅਧਿਕਾਰ ਹੈ ਕਿਉਂਕਿ ਉਸ ਨੇ ਹੀ ਸਭ ਤੋਂ ਪਹਿਲਾਂ ਰਿਸਕ ਵਿਚ ਨਿਵੇਸ਼ ਕਰਨ ਦਾ ਫੈਸਲਾ ਲਿਆ ਸੀ। ਹਡਸਨ ਨੇ ਕਿਹਾ ਕਿ ਅਜਿਹੇ ਵਿਚ ਉਹ ਉਮੀਦ ਕਰੇਗਾ ਕਿ ਜੇਕਰ ਉਸ ਨੇ ਸਭ ਤੋਂ ਪਹਿਲਾਂ ਮਦਦ ਕੀਤੀ ਹੈ ਤਾਂ ਫਿਰ ਉਸ ਨੂੰ ਹੀ ਸਭ ਤੋਂ ਪਹਿਲਾਂ ਖੁਰਾਕ ਦਿੱਤੀ ਜਾਵੇ। ਕੁਝ ਹਫਤਿਆਂ ਪਹਿਲਾਂ ਨਿਊਯਾਰਕ ਟਾਈਮਸ ਨੇ ਖੁਲਾਸਾ ਕੀਤਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੈਨੋਫੀ ਕੰਪਨੀ ਵਿਚ ਸ਼ੇਅਰ ਹਨ ਤੇ ਉਹਨਾਂ ਨੇ ਇਸ ਵਿਚ ਨਿਵੇਸ਼ ਕੀਤਾ ਹੈ। ਯੂਰਪ ਦੀਆਂ ਕੰਪਨੀਆਂ 100 ਤੋਂ ਜ਼ਿਆਦਾ ਰਿਸਰਚ ਕਰ ਰਹੀਆਂ ਹਨ ਤਾਂਕਿ ਕੋਰੋਨਾ ਦੀ ਵੈਕਸੀਨ ਲੱਭੀ ਜਾ ਸਕੇ। ਅਮਰੀਕਾ ਦੀ ਬਾਇਓਮੈਡੀਕਲ ਐਡਵਾਂਸ ਰਿਸਰਚ ਐਂਡ ਡਿਵਲਪਮੈਂਟ ਅਥਾਰਟੀ ਸੈਨੋਫੀ ਨੂੰ ਕੋਰੋਨਾ ਵੈਕਸੀਨ 'ਤੇ ਕੰਮ ਕਰਨ ਦੇ ਲਈ 30 ਮਿਲੀਅਨ ਡਾਲਰ ਯਾਨੀ 226 ਕਰੋੜ ਰੁਪਏ ਤੋਂ ਵਧੇਰੇ ਦੇ ਚੁੱਕੀ ਹੈ।

ਟਰੰਪ ਦੀ ਕਿੰਨੀ ਹਿੱਸੇਦਾਰੀ
ਅਮਰੀਕਾ ਵਲੋਂ ਫਰਵਰੀ ਮਹੀਨੇ ਵਿਚ ਕੰਪਨੀ ਨੂੰ ਫੰਡ ਮੁਹੱਈਆ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਕੰਪਨੀ ਨੇ ਅਮਰੀਕਾ ਦੇ ਕਹਿਣ 'ਤੇ ਆਪਣੀ ਮੁਕਾਬਲੇਬਾਜ ਕੰਪਨੀ ਗਲੈਕਸੋਸਿਮਥਕਲਾਈਨ ਦੇ ਨਾਲ ਡੀਲ ਕੀਤੀ ਤੇ ਹੁਣ ਦੋਵੇਂ ਕੰਪਨੀਆਂ ਦਾ ਟੀਚਾ ਸਾਲ ਵਿਚ 60 ਕਰੋੜ ਵੈਕਸੀਨ ਬਣਾਉਣ ਦਾ ਹੈ। ਨਿਊਯਾਰਕ ਟਾਈਮਸ ਵਲੋਂ ਕਿਹਾ ਗਿਆ ਸੀ ਕਿ ਟਰੰਪ ਦੇ ਕੰਪਨੀ ਵਿਚ ਬਹੁਤ ਘੱਟ ਸ਼ੇਅਰ ਹਨ। ਸਾਲ 2019 ਵਿਚ ਟਰੰਪ ਨੇ ਆਪਣਾ ਜੋ ਲੇਖਾ-ਜੋਖਾ ਪੇਸ਼ ਕੀਤਾ ਸੀ ਉਸ ਦੇ ਮੁਤਾਬਕ ਫੈਮਿਲੀ ਟਰੱਸਟ ਦੇ 1001 ਤੇ 15,000 ਡਾਲਰ ਦੀ ਹੀ ਹਿੱਸੇਦਾਰੀ ਕੰਪਨੀ ਵਿਚ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਇਸ ਵੇਲੇ ਆਪ੍ਰੇਸ਼ਨ ਵਾਰਪ ਸਪੀਡ ਚਲਾਇਆ ਹੈ। ਇਸ ਦੇ ਤਹਿਤ ਅਮਰੀਕੀ ਸਰਕਾਰ ਕਈ ਦਵਾਈ ਕੰਪਨੀਆਂ ਨੂੰ ਕੋਰੋਨਾ ਵੈਕਸੀਨ ਦੇ ਰਿਸਰਚ ਦੇ ਲਈ ਫੰਡਿੰਗ ਕਰ ਰਹੀਆਂ ਹਨ ਤੇ ਹਰ ਮੁਮਕਿਨ ਮਦਦ ਦੇ ਰਹੀਆਂ ਹਨ। 

Baljit Singh

This news is Content Editor Baljit Singh