ਪਾਕਿਸਤਾਨ ''ਚ ਅਜੇ ਵੀ ਅੱਤਵਾਦੀਆਂ ਦੀ ਸੁਰੱਖਿਅਤ ਪਨਾਹ ਮਿਲਣ ''ਤੇ ਅਮਰੀਕਾ ਚਿੰਤਤ : ਅਧਿਕਾਰੀ

08/22/2018 2:57:21 AM

ਵਾਸ਼ਿੰਗਟਨ— ਅਮਰੀਕਾ ਨੇ ਪਾਕਿਸਤਾਨ 'ਚ ਅਜੇ ਵੀ ਅੱਤਵਾਦੀ ਧੜਿਆਂ ਨੂੰ ਸੁਰੱਖਿਅਤ ਪਨਾਹ ਮਿਲਣ 'ਤੇ ਚਿੰਤਾ ਪ੍ਰਗਟ ਕਰਦਿਆਂ ਪਾਕਿਸਤਾਨ ਨੂੰ ਅੱਤਵਾਦੀ ਧੜਿਆਂ ਵਿਰੁੱਧ ਹੋਰ ਸਖਤ ਕਾਰਵਾਈ ਕਰਨ ਲਈ ਕਿਹਾ ਹੈ।
ਅਮਰੀਕਾ ਦੇ ਵਿਦੇਸ਼ ਵਿਭਾਗ ਦੀ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਸੀਨੀਅਰ ਅਧਿਕਾਰੀ ਏਲਿਸ ਵੇਲਸ ਨੇ ਇਸ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉਸ ਬਿਆਨ ਦੀ ਸ਼ਲਾਘਾ ਕੀਤੀ, ਜਿਸ ਵਿਚ ਉਨ੍ਹਾਂ ਨੇ ਦੇਸ਼ ਦੀ ਸਰਹੱਦ ਦੇ ਦੋਵੇਂ ਪਾਸੇ ਸ਼ਾਂਤੀ ਦੇ ਮਹੱਤਵ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕੋਲੋਂ ਇਹ ਪੁੱਛਿਆ ਗਿਆ ਸੀ ਕਿ ਕੀ ਹੱਕਾਨੀ ਨੈੱਟਵਰਕ ਅਤੇ ਤਾਲਿਬਾਨ ਵਰਗੇ ਅੱਤਵਾਦੀ ਸੰਗਠਨ ਵਿਰੁੱਧ ਪਾਕਿਸਤਾਨ ਵਲੋਂ ਕਾਰਵਾਈ ਕਰਨ ਦੀ ਅਮਰੀਕੀ ਮੰਗ 'ਤੇ ਕੋਈ ਪ੍ਰਗਤੀ ਦਿਖਾਈ ਦਿੱਤੀ ਹੈ।