UK ਦੇ ਪ੍ਰਧਾਨ ਮੰਤਰੀ ਨੂੰ PM ਮੋਦੀ ਨਾਲ ਕਿਸਾਨ ਮੁੱਦੇ ਦੀ ਗੱਲ ਕਰਨ ਦੀ ਅਪੀਲ ਕਰਨਗੇ ਤਨਮਨਜੀਤ ਢੇਸੀ

12/24/2020 11:47:58 AM

ਲੰਡਨ- ਯੂ. ਕੇ.  ਵਿਚ ਸਲੋਹ ਤੋਂ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਇਕ ਵੀਡੀਓ ਬਿਆਨ ਰਾਹੀਂ ਕਿਸਾਨ ਅੰਦੋਲਨ ਵਿਚ ਆਪਣੀ ਭੂਮਿਕਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਨੌਜਵਾਨ ਐੱਮ. ਪੀ. ਢੇਸੀ ਨੇ ਕਿਹਾ ਕਿ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰਨ ਤੋਂ ਰੋਕਣਾ ਨਹੀਂ ਚਾਹੀਦਾ। ਉਨ੍ਹਾਂ ਦੱਸਿਆ ਕਿ ਸਮੂਹ ਪੰਜਾਬੀਆਂ ਦੀ ਮੰਗ ’ਤੇ ਉਨ੍ਹਾਂ ਨੇ ਅਕਤੂਬਰ ਅਤੇ ਨਵੰਬਰ ਮਹੀਨੇ ਵਿਚ ਕਈ ਮੀਟਿੰਗਾਂ ਕਰਨ ਉਪਰੰਤ ਇਕ ਚਿੱਠੀ ਯੂ. ਕੇ. ਦੇ ਵਿਦੇਸ਼ ਮੰਤਰੀ ਨੂੰ ਦੇਣ ਵਾਸਤੇ ਤਿਆਰ ਕੀਤੀ, ਜਿਸ ’ਤੇ ਉਨ੍ਹਾਂ ਸਮੇਤ ਯੂ. ਕੇ. ਦੇ ਦਰਜਨਾਂ ਮੈਂਬਰ ਪਾਰਲੀਮੈਂਟਾਂ ਵਲੋਂ ਆਪਣੇ ਦਸਤਖ਼ਤ ਕੀਤੇ ਗਏ ਅਤੇ ਇਹ ਚਿੱਠੀ ਯੂ. ਕੇ. ਦੇ ਵਿਦੇਸ਼ ਮੰਤਰੀ ਨੂੰ ਦਿੱਤੀ ਗਈ। 

ਖੁਸ਼ੀ ਦੀ ਗੱਲ ਇਹ ਰਹੀ ਕਿ ਉਨ੍ਹਾਂ ਵਲੋਂ ਇਸ ਚਿੱਠੀ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ ਅਤੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ 9 ਦਸੰਬਰ ਨੂੰ ਵੀ ਉਨ੍ਹਾਂ ਵਲੋਂ ਕਿਸਾਨਾਂ ਦੇ ਮੁੱਦੇ ਨੂੰ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਇੰਗਲੈਂਡ ਦੀ ਪਾਰਲੀਮੈਂਟ ਵਿਚ ਵੀ ਚੁੱਕਿਆ ਗਿਆ ਸੀ ਪਰ ਬਦਕਿਸਮਤੀ ਇਹ ਰਹੀ ਕਿ ਯੂ. ਕੇ. ਦੇ ਪ੍ਰਧਾਨ ਮੰਤਰੀ ਉਨ੍ਹਾਂ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ।

ਇਹ ਵੀ ਪੜ੍ਹੋ- ਅਮਰੀਕਾ 'ਚ 10 ਦਿਨਾਂ 'ਚ 10 ਲੱਖ ਲੋਕਾਂ ਨੂੰ ਲੱਗ ਚੁੱਕਾ ਹੈ ਕੋਰੋਨਾ ਟੀਕਾ

ਉਨ੍ਹਾਂ ਕਿਹਾ ਕਿ ਹੁਣ ਉਹ ਫਿਰ ਇਸ ਸਬੰਧੀ ਪ੍ਰਧਾਨ ਮੰਤਰੀ ਜੌਨਸਨ ਨੂੰ ਅਪੀਲ ਕਰਨਗੇ ਕਿ ਉਹ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਸਬੰਧੀ ਗੱਲਬਾਤ ਕਰਨ।

ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਯੂ. ਕੇ. ਦੇ ਪੀ. ਐੱਮ. ਭਾਰਤ ਆ ਰਹੇ ਹਨ ਤੇ ਉਹ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਦੱਸ ਦਈਏ ਕਿ ਭਾਰਤ ਵਿਚ ਨਵੇਂ ਬਣੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ 25-26 ਦਿਨਾਂ ਤੋਂ ਅੰਦੋਲਨ ਕਰ ਰਹੇ ਹਨ ਤੇ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰਕੇ ਦਿੱਲੀ ਸਰਹੱਦ 'ਤੇ ਕੜਾਕੇ ਦੀ ਠੰਡ ਵਿਚ ਬੈਠੇ ਹਨ। 

 

 ਯੂ. ਕੇ. ਦੇ ਪ੍ਰਧਾਨ ਮੰਤਰੀ ਵਲੋਂ ਪੀ. ਐੱਮ. ਮੋਦੀ ਨਾਲ ਕਿਸਾਨ ਮੁੱਦੇ ਦੀ ਗੱਲ ਕਰਨੀ ਚਾਹੀਦੀ ਹੈ? ਕੁਮੈਂਟ ਬਾਕਸ ਵਿਚ ਦਿਓ ਰਾਇ

Lalita Mam

This news is Content Editor Lalita Mam