ਬ੍ਰਿਟੇਨ ਦੇ ਰਾਜਦੂਤ ਨੇ ਟਰੰਪ ਪ੍ਰਸ਼ਾਸਨ ਨੂੰ ਦੱਸਿਆ ''ਅਯੋਗ''

07/08/2019 9:14:51 PM

ਵਾਸ਼ਿੰਗਟਨ/ਲੰਡਨ— ਅਮਰੀਕਾ 'ਚ ਬ੍ਰਿਟੇਨ ਦੇ ਰਾਜਦੂਤ ਦਾ ਡਿਪਲੋਮੈਟਿਕ ਕੇਬਲ ਲੀਕ ਹੋਇਆ ਹੈ, ਜਿਸ 'ਚ ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ 'ਅਕੁਸ਼ਲ' ਤੇ 'ਅਯੋਗ' ਦੱਸਿਆ ਹੈ। ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਰਾਜਦੂਤ ਨੇ ਬ੍ਰਿਟੇਨ ਦੇ ਲਈ ਚੰਗਾ ਕੰਮ ਨਹੀਂ ਕੀਤਾ।

ਫਿਲਹਾਲ ਬ੍ਰਿਟੇਨ ਨੇ ਅਮਰੀਕਾ ਨਾਲ ਆਪਣੇ ਖਾਸ ਰਿਸ਼ਤਿਆਂ 'ਚ ਆਏ ਨੁਕਸਾਨ ਨੂੰ ਠੀਕ ਕਰਨ ਲਈ ਉਪਾਅ ਸ਼ੁਰੂ ਕਰ ਦਿੱਤੇ ਹਨ। ਐਤਵਾਰ ਨੂੰ ਮੇਲ ਅਖਬਾਰ 'ਚ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਗੁਪਤ ਕੇਬਲ 'ਚ ਅਮਰੀਕਾ 'ਚ ਬ੍ਰਿਟੇਨ ਦੇ ਰਾਜਦੂਤ ਕਿਮ ਡੈਰੋਕ ਨੇ ਬ੍ਰਿਟੇਨ ਸਰਕਾਰ ਨੂੰ ਆਗਾਹ ਕੀਤਾ ਕਿ ਰਾਸ਼ਟਰਪਤੀ ਟਰੰਪ ਦਾ ਕਰੀਅਰ ਅਪਮਾਨਜਨਕ ਸਥਿਤੀਆਂ 'ਚ ਖਤਮ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਾਈਟ ਹਾਊਸ ਦੇ ਅੰਦਰ ਦੇ ਟਕਰਾਅ ਨੂੰ ਨਾਈਫ ਫਾਈਟ ਦੱਸਿਆ ਹੈ। ਡੈਰੋਕ ਨੇ ਕਥਿਤ ਰੂਪ ਨਾਲ ਲਿਖਿਆ ਕਿ ਸਾਨੂੰ ਅਸਲ 'ਚ ਵਿਸ਼ਵਾਸ ਨਹੀਂ ਹੈ ਇਹ ਪ੍ਰਸ਼ਾਸਨ ਨਾਰਮਲ ਹੋ ਸਕੇਗਾ। ਇਸ 'ਚ ਗੁੱਟਬਾਜ਼ੀ ਘੱਟ ਹੋ ਸਕੇਗੀ ਜਾਂ ਨਹੀਂ ਅਤੇ ਇਸ ਦੀ ਕੂਟਨੀਤਿਕ ਅਕੁਸ਼ਲਤਾ ਘੱਟ ਹੋ ਸਕੇਗੀ ਜਾਂ ਨਹੀਂ।

ਜਦੋਂ ਡੈਰੋਕ ਦੀ ਟਿੱਪਣੀ 'ਤੇ ਟਰੰਪ ਦੀ ਪ੍ਰਕਿਰਿਆ ਮੰਗੀ ਗਈ ਤਾਂ ਟਰੰਪ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਟਿੱਪਣੀ ਦੇਖੀ ਨਹੀਂ ਹੈ ਪਰ ਕੁਝ ਦੇਸ਼ਾਂ ਦੇ ਨਾਲ ਸਾਡੇ ਉਤਾਰ-ਚੜਾਅ ਰਹੇ ਹਨ ਤੇ ਮੈਂ ਕਹਿਣਾ ਚਾਹਾਂਗਾਂ ਕਿ ਬ੍ਰਿਟੇਨ ਤੇ ਉਸ ਦੇ ਰਾਜਦੂਤ ਬ੍ਰਿਟੇਨ ਦੀ ਸੇਵਾ ਚੰਗੀ ਤਰ੍ਹਾਂ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਸ ਵਿਅਕਤੀ ਦੇ ਵੱਡੇ ਪ੍ਰਸ਼ੰਸਕ ਨਹੀਂ ਹਾਂ ਤੇ ਉਨ੍ਹਾਂ ਨੇ ਬ੍ਰਿਟੇਨ ਦੀ ਚੰਗੀ ਤਰ੍ਹਾਂ ਸੇਵਾ ਨਹੀਂ ਕੀਤੀ ਹੈ। ਅਸੀਂ ਸਮਝ ਸਕਦੇ ਹਾਂ। ਜੂਨ 'ਚ ਬ੍ਰਿਟੇਨ ਦੀ ਅਧਿਕਾਰਿਤ ਯਾਤਰਾ ਦੌਰਾਨ ਮਹਾਰਾਣੀ ਐਲੀਜ਼ਾਬੇਥ-ਦੂਜੀ ਨੇ ਟਰੰਪ ਦਾ ਸਵਾਗਤ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਲੈ ਕੇ ਜੋ ਚੀਜ਼ਾਂ ਹੋਈਆਂ ਹਨ, ਉਨ੍ਹਾਂ ਤੋਂ ਉਹ ਪਰੇਸ਼ਾਨ ਨਹੀਂ ਹੁੰਦੇ। 

ਉਧਰ ਇਕ ਪੱਤਰਕਾਰ ਏਜੰਸੀ ਨੇ ਬ੍ਰਿਟੇਨ ਸਰਕਾਰ ਦੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਡੇਲੀ ਮੇਲ 'ਚ ਪ੍ਰਕਾਸ਼ਿਤ ਨੋਟ ਸਹੀ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਰਿਸ਼ਤਿਆਂ ਨੂੰ ਨੁਕਸਾਨ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਨੋਟ 'ਚ ਨਿੱਜੀ ਵਿਚਾਰ ਹਨ, ਨਾ ਕਿ ਬ੍ਰਿਟੇਨ ਸਰਕਾਰ ਦੀ ਰਾਇ। ਉਨ੍ਹਾਂ ਨੇ ਕਿਹਾ ਕਿ ਰਾਜਦੂਤ ਦਾ ਕੰਮ ਹੈ ਕਿ ਉਹ ਸਪੱਸ਼ਟ ਰਾਇ ਦੇਵੇ ਪਰ ਉਸ 'ਚ ਸਰਕਾਰ ਦਾ ਨਜ਼ਰਈਆ ਸ਼ਾਮਲ ਨਹੀਂ ਹੁੰਦਾ। ਸੋਮਵਾਰ ਨੂੰ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਲਿਆਮ ਫਾਕਸ ਨੇ ਵੀ ਬ੍ਰਿਟੇਨ ਅਮਰੀਕਾ ਦੇ ਰਿਸ਼ਤਿਆਂ ਨੂੰ ਹੋਏ ਨੁਕਸਾਨ ਨੂੰ ਸਹੀ ਕਰਨ ਦੇ ਲਈ ਪਹਿਲ ਕੀਤੀ ਤੇ ਕਿਹਾ ਕਿ ਉਹ ਵਾਸ਼ਿੰਗਟਨ ਦੀ ਯਾਤਰਾ ਦੌਰਾਨ ਟਰੰਪ ਦੀ ਬੇਟੀ ਇਵਾਂਕਾ ਟਰੰਪ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਤੋਂ ਮੁਆਫੀ ਮੰਗਣਗੇ।

Baljit Singh

This news is Content Editor Baljit Singh