ਅਮਰੀਕਾ ਦੇ ਦੋ ਚੋਟੀ ਦੇ ਨੇਤਾਵਾਂ ਨੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ

08/23/2017 2:36:36 PM

ਵਾਸ਼ਿੰਗਟਨ— ਅੱਤਵਾਦੀਆਂ ਨੂੰ ਪਨਾਹਗਾਹ ਮੁਹੱਈਆ ਕਰਵਾਉਣ ਲਈ ਪਾਕਿਸਤਾਨ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਗੰਭੀਰ ਸਿੱਟੇ ਭੁਗਤਣ ਦੀ ਚੇਤਾਵਨੀ ਦਿੱਤੀ। ਇਸ ਤੋਂ ਬਾਅਦ ਹੁਣ ਅਮਰੀਕਾ ਦੇ ਦੋ ਮੁੱਖ ਨੇਤਾਵਾਂ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਅੱਤਵਾਦੀ ਧੜਿਆਂ ਨੂੰ ਪਨਾਹ ਮੁਹੱਈਆ ਕਰਵਾਉਣਾ ਜਾਰੀ ਰੱਖਦਾ ਹੈ, ਤਾਂ ਉਸ ਨੂੰ ਵੱਡੇ ਗੈਰ-ਨਾਟੋ ਸਹਿਯੋਗੀ ਦਾ ਦਰਜਾ ਗੁਆ ਦੇਣ ਵਰਗੇ ਕਈ ਨਤੀਜੇ ਭੁਗਤਣੇ ਪੈਣਗੇ। ਟਰੰਪ ਨੇ ਅੱਤਵਾਦੀ ਸਮੂਹਾਂ ਨੂੰ ਪਾਕਿਸਤਾਨ ਵਲੋਂ ਮਿਲਣ ਵਾਲੇ ਸਹਿਯੋਗ ਖਿਲਾਫ ਸਖ਼ਤੀ ਨਾਲ ਬੋਲਦੇ ਹੋਏ ਕਿਹਾ ਸੀ ਕਿ ਇਸ ਦੇਸ਼ ਨੂੰ ਅਮਰੀਕਾ ਤੋਂ ਅਰਬਾਂ ਡਾਲਰ ਮਦਦ ਦੇ ਤੌਰ 'ਤੇ ਮਿਲਦੇ ਹਨ ਪਰ ਇਹ ਅੱਤਵਾਦੀਆਂ ਨੂੰ ਪਨਾਹ ਦੇਣਾ ਜਾਰੀ ਰੱਖਦਾ ਹੈ। ਟਰੰਪ ਨੇ ਇਸਲਾਮਾਬਾਦ ਨੂੰ ਚੇਤਾਵਨੀ ਦਿੱਤੀ ਕਿ ਅਫਗਾਨਿਸਤਾਨ 'ਚ ਅਮਰੀਕੀਆਂ ਨੂੰ ਮਾਰਨ ਵਾਲਿਆਂ ਅਤੇ ਅਰਾਜਕਤਾ ਪੈਦਾ ਕਰਨ ਵਾਲਿਆਂ ਨੂੰ ਪਨਾਹ ਮੁਹੱਈਆ ਕਰਵਾਉਣ 'ਤੇ, ਅੱਤਵਾਦੀਆਂ ਨੂੰ ਮਦਦ ਦੇਣ 'ਤੇ ਇਸਲਾਮਾਬਾਦ ਦਾ ਬਹੁਤ ਕੁਝ ਦਾਅ 'ਤੇ ਹੈ। ਰੱਖਿਆ ਮੰਤਰੀ ਜੇਮਸ ਮੈਟਿਸ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਇਸ ਵਾਰ ਇਸ ਸਬੰਧੀ ਪਾਕਿਸਤਾਨ ਖਿਲਾਫ ਕਾਰਵਾਈ ਜ਼ਰੂਰ ਕਰੇਗਾ। ਮੈਟਿਸ ਦਰਅਸਲ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਪਹਿਲਾਂ ਵੀ ਅਜਿਹੇ ਵਾਅਦੇ ਕੀਤੇ ਜਾ ਚੁੱਕੇ ਹਨ ਪਰ ਪਾਕਿਸਤਾਨ ਖਿਲਾਫ ਕਦਮ ਚੁੱਕਣ 'ਚ ਅਮਰੀਕਾ ਪਿੱਛੇ ਹੀ ਹਟਦਾ ਰਿਹਾ ਹੈ। ਰੱਖਿਆ ਮੰਤਰੀ ਤੋਂ ਪੁੱਛਿਆ ਗਿਆ ਸੀ ਕਿ ਟਰੰਪ ਦੇ ਸ਼ਬਦ ਬਹੁਤ ਸਖ਼ਤ ਹਨ ਪਰ ਅਜਿਹੇ ਸ਼ਬਦ ਪਹਿਲਾਂ ਵੀ ਸੁਣੇ ਜਾ ਚੁੱਕੇ ਹਨ। ਅਸਲ 'ਚ ਇਸ ਸਬੰਧੀ ਕੁਝ ਕੀਤਾ ਜਾਵੇਗਾ ਜਾਂ ਪੁਰਾਣੀ ਰਣਨੀਤੀ 'ਤੇ ਹੀ ਅਮਲ ਕੀਤਾ ਜਾਵੇਗਾ। ਪੱਛਮੀ ਏਸ਼ੀਆ ਦੀ ਯਾਤਰਾ 'ਤੇ ਗਏ ਮੈਟਿਸ ਨੇ ਆਪਣੇ ਨਾਲ ਗਏ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਸਵਾਲ ਸਮਝਦਾ ਹਾਂ। ਤੁਹਾਨੂੰ ਇਸ ਦਾ ਜਵਾਬ ਜਾਨਣ ਲਈ ਉਡੀਕ ਕਰਨੀ ਹੋਵੇਗੀ ਅਤੇ ਦੇਖਣਾ ਹੋਵੇਗਾ ਕਿ ਮੈਟਿਸ ਨੇ ਚੀਫਸ ਆਫ ਸਟਾਫ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਫਗਾਨਿਸਤਾਨ ਅਤੇ ਪਾਕਿਸਤਾਨ ਨਾਲ ਜੁੜੀ ਟਰੰਪ ਦੀ ਰਣਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਦੀ ਤਿਆਰੀ ਕਰਨ। ਉਨ੍ਹਾਂ ਨੇ ਕਿਹਾ ਕਿ ਮੈਂ ਨਾਟੋ ਦੇ ਜਨਰਲ ਸਕੱਤਰ ਅਤੇ ਸਾਡੇ ਸਹਿਯੋਗੀਆਂ ਨਾਲ ਸੰਪਰਕ 'ਚ ਰਹਾਂਗਾ। ਇਨ੍ਹਾਂ 'ਚ ਕਈ ਸਹਿਯੋਗੀਆਂ ਨੂੰ ਫੌਜੀਆਂ ਦੀ ਗਿਣਤੀ ਵਧਾਉਣ ਦਾ ਵਾਅਦਾ ਕੀਤਾ ਗਿਆ ਹੈ। ਇਕੱਠੇ ਮਿਲ ਕੇ ਅਸੀਂ ਅੱਤਵਾਦੀ ਕੇਂਦਰਾਂ ਨੂੰ ਤਬਾਹ ਕਰਨ 'ਚ ਅਫਗਾਨ ਸੁਰੱਖਿਆ ਫੋਰਸਾਂ ਦੀ ਮਦਦ ਕਰਾਂਗੇ। ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਇਸ ਗੱਲ ਨੂੰ ਕਬੂਲ ਕੀਤਾ ਕਿ ਪਾਕਿਸਤਾਨ ਨੂੰ ਜੋ ਗੈਰ-ਨਾਟੋ ਸਹਿਯੋਗੀ ਹੋਣ ਦਾ ਦਰਜਾ ਮਿਲਿਆ ਹੋਇਆ ਹੈ, ਉਹ ਖਤਰੇ 'ਚ ਹਨ। ਇਸ ਦੌਰਾਨ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਜੇਕਰ ਕਾਰਵਾਈ ਯੋਗ ਖੁਫੀਆ ਜਾਣਕਾਰੀ ਮਿਲਦੀ ਹੈ ਤਾਂ ਅਮਰੀਕੀ ਫੌਜੀ ਅੱਤਵਾਦੀਆਂ 'ਤੇ ਹਮਲਾ ਕਰਨਗੇ। ਟਿਲਰਸਨ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਫਗਾਨਿਸਤਾਨ 'ਚ ਸ਼ਾਂਤੀ ਅਤੇ ਸਥਿਰਤਾ ਹਾਸਲ ਹੋਣ ਨਾਲ ਅਫਗਾਨੀ ਲੋਕਾਂ ਤੋਂ ਇਲਾਵਾ ਜੇਕਰ ਕੋਈ ਵੱਡਾ ਲਾਭ ਹੈ ਤਾਂ ਉਹ ਹੈ ਪਾਕਿਸਤਾਨ ਦੇ ਲੋਕ। ਉਨ੍ਹਾਂ ਨੂੰ ਕਿਸੇ ਵੀ ਹੋਰ ਦੇਸ਼ ਤੋਂ ਜ਼ਿਆਦਾ ਲਾਭ ਹੋਵੇਗਾ।