ਪਾਕਿਸਤਾਨ : ਕੁਏਟਾ ''ਚ ਬੰਬ ਧਮਾਕੇ ਕਾਰਨ 2 ਲੋਕਾਂ ਦੀ ਮੌਤ ਤੇ 25 ਜ਼ਖਮੀ

07/24/2019 8:51:07 AM

ਕੁਏਟਾ— ਪਾਕਿਸਤਾਨ ਦੇ ਦੱਖਣੀ-ਪੱਛਮੀ ਕੁਏਟਾ ਸ਼ਹਿਰ 'ਚ ਮੰਗਲਵਾਰ ਰਾਤ ਨੂੰ ਬੰਬ ਧਮਾਕਾ ਹੋਇਆ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 25 ਲੋਕ ਜ਼ਖਮੀ ਹੋ ਗਏ। ਕੁਏਟਾ ਸਿਵਲ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਜ਼ਖਮੀਆਂ ਦੀ ਸਥਿਤੀ ਸਥਿਰ ਹੈ ਅਤੇ ਉਨ੍ਹਾਂ ਨੂੰ ਚੰਗੀ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ। ਪੁਲਸ ਅਧਿਕਾਰੀ ਅਬਦੁਲ ਰੱਜਾਕ ਚੀਮਾ ਨੇ ਦੱਸਿਆ ਕਿ ਇਹ ਘਟਨਾ ਦੇਸ਼ ਦੇ ਦੱਖਣੀ-ਪੱਛਮੀ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਦੇ ਉੱਤਰੀ ਬਾਈਪਾਸ ਰੋਡ 'ਤੇ ਵਾਪਰੀ, ਜਿੱਥੇ ਕਾਫੀ ਭੀੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ ਇਕ ਮੋਟਰ ਸਾਈਕਲ 'ਚ ਧਮਾਕਾਖੇਜ਼ ਪਦਾਰਥ ਰੱਖ ਕੇ ਉਸ ਨੂੰ ਦਵਾਈਆਂ ਵਾਲੀ ਦੁਕਾਨ ਦੇ ਬਾਹਰ ਖੜ੍ਹਾ ਕਰ ਦਿੱਤਾ ਸੀ। 

ਅੱਤਵਾਦੀਆਂ ਨੇ ਇਸ ਖੇਤਰ 'ਚ ਤਣਾਅ ਪੈਦਾ ਕਰਨ ਲਈ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਇਲਾਕੇ 'ਚ ਅੱਤਵਾਦੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਅਜੇ ਤਕ ਕਿਸੇ ਵੀ ਸਮੂਹ ਜਾਂ ਵਿਅਕਤੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਇਸ ਤੋਂ ਪਹਿਲਾਂ ਵਾਪਰਨ ਵਾਲੀਆਂ ਵਾਰਦਾਤਾਂ ਨੂੰ ਅੰਜਾਮ ਬਲੋਚ ਨੈਸ਼ਨਲਿਸਟ ਸਮੂਹ ਦੇ ਅੱਤਵਾਦੀ ਦਿੰਦੇ ਰਹੇ ਹਨ।