ਵਾਈਟ ਹਾਊਸ ਫੈਲੋਸ਼ਿਪ ਲਈ ਦੋ ਭਾਰਤੀ ਔਰਤਾਂ ਦੀ ਚੋਣ

08/24/2016 6:58:01 PM

ਵਾਸ਼ਿੰਗਟਨ— ਅਮਰੀਕਾ ਵਿਚ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਵਾਈਟ ਹਾਊਸ ਦੇ ਫੈਲੋਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਹੈ ਅਤੇ ਉਸ ਨੂੰ ਅਮਰੀਕਾ ਦੀ ਸੰਘੀ ਸਰਕਾਰ ਕੰਮ ਕਰਨ ਦਾ ਮੌਕਾ ਮਿਲੇਗਾ। ਅਧਿਕਾਰੀਆਂ ਅਨੁਸਾਰ ਕੈਲੀਫੋਰਨੀਆਂ ਦੇ ਪੁਲਾੜ ਵਿਗਿਆਨੀ ਅੰਜਲੀ ਤ੍ਰਿਪਾਠੀ ਅਤੇ ਸ਼ਿਕਾਗੋ ਦੀ ਫਿਜੀਸ਼ੀਅਨ ਟੀਨਾ ਆਰ. ਸ਼ਾਹ ਉਨ੍ਹਾਂ 16 ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ 2016-17 ਦੇ ਫੈਲੋਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਹੈ। 
ਟੀਨਾ ਫੇਫੜਿਆਂ ਨਾਲ ਜੁੜੀਆਂ ਬੀਮਾਰੀਆਂ ਦੀ ਡਾਕਟਰ ਅਤੇ ਵਿਗਿਆਨੀ ਹੈ। ਉਨ੍ਹਾਂ ਨੇ ਹਾਲ ਹੀ ਵਿਚ ਸ਼ਿਕਾਗੋ ਯੂਨੀਵਰਸਿਟੀ ਤੋਂ ਕਲੀਨਿਕਲ ਫੈਲੋਸ਼ਿਪ ਪੂਰੀ ਕੀਤੀ ਹੈ। ਉਹ ਸ਼ਿਕਾਗੋ ਮੈਡੀਕਲ ਸੋਸਾਇਟੀ ਦੀ ਟਰੱਸਟੀ ਵੀ ਰਹਿ ਚੁੱਕੀ ਹੈ। ਟੀਨਾ ਮਰੀਜ਼ਾਂ ਦੇ ਅਧਿਕਾਰਾਂ ਦੀ ਵਕਾਲਤ ਲਈ ਕਈ ਮੈਡੀਕਲ ਸੁਸਾਇਟੀਆਂ ਵਿਚ ਚੋਟੀ ਦੇ ਅਹੁਦਿਆਂ ''ਤੇ ਰਹਿ ਚੁੱਕੀ ਹੈ। 
ਅੰਜਲੀ ਹਾਵਰਡ ਯੂਨੀਵਰਸਿਟੀ ਵਿਚ ਪੁਲਾੜ ਵਿਗਿਆਨੀ ਹੈ। ਉਸ ਦੇ ਅਧਿਐਨ ਦਾ ਮੁੱਖ ਵਿਸ਼ਾ ਗ੍ਰਹਿਆਂ ਦਾ ਨਿਰਮਾਣ ਅਤੇ ਵਿਕਾਸ ਹੈ। ਉਹ ਅਕਾਸ਼ਗੰਗਾ ਦੀ ਮਾਡਲਿੰਗ, ਡਾਰਕ ਮੈਟਰ ਦੀ ਖੋਜ ਵਿਚ ਵੀ ਸ਼ਾਮਲ ਰਹੀ ਹੈ। ਵਾਈਟ ਹਾਊਸ ਫੈਲੋਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ 1964 ਵਿਚ ਉਸ ਸਮੇਂ ਦੇ ਰਾਸ਼ਟਰਪਤੀ ਲਿੰਡਨ ਬੀ. ਜੌਨਸਨ ਨੇ ਕੀਤੀ ਸੀ। ਇਸ ਦਾ ਮਕਸਦ ਅਮਰੀਕੀਆਂ ਨੂੰ ਸੰਘੀ ਸਰਕਾਰ ਦੇ ਨਾਲ ਕੰਮ ਕਰਨ ਦਾ ਮੌਕਾ ਮੁਹੱਈਆ ਕਰਵਾਉਣਾ ਹੈ।

Kulvinder Mahi

This news is News Editor Kulvinder Mahi