ਆਸਟ੍ਰੇਲੀਆ 'ਚ ਵਾਪਰਿਆ ਭਿਆਨਕ ਹਾਦਸਾ, 2 ਕਾਰਾਂ ਦੀ ਹੋਈ ਜ਼ਬਰਦਸਤ ਟੱਕਰ

07/18/2018 12:37:52 PM

ਸੈਂਟਰਲ ਕੋਸਟ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸੈਂਟਰਲ ਕੋਸਟ 'ਚ ਬੁੱਧਵਾਰ ਦੀ ਸਵੇਰ ਨੂੰ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਕਾਰਨ 3 ਲੋਕ ਕਾਰ ਅੰਦਰ ਹੀ ਫਸ ਗਏ। ਇਹ ਹਾਦਸਾ ਨੌਰਥ ਗੋਸਫੋਰਡ ਦੇ ਵਿਲਫਰੇਡ ਬਾਰਨੇਟ ਡਰਾਈਵ 'ਚ ਵਾਪਰਿਆ। 


ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 11.00 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲੀ ਕਿ ਦੋ ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ ਹੈ। ਅਧਿਕਾਰੀ ਜਦੋਂ ਹਾਦਸੇ ਵਾਲੀ ਥਾਂ 'ਤੇ ਪੁੱਜੇ ਤਾਂ ਇਕ ਕਾਰ ਵਿਚ ਸਵਾਰ ਵਿਅਕਤੀ ਦੀ ਮੌਤ ਹੋ ਚੁੱਕੀ ਸੀ, ਜਦਕਿ 3 ਲੋਕ ਕਾਰ ਅੰਦਰ ਫਸੇ ਹੋਏ ਸਨ। ਅਧਿਕਾਰੀਆਂ ਨੇ ਬਹੁਤ ਹੀ ਮੁਸ਼ੱਕਤ ਨਾਲ ਕਾਰ ਅੰਦਰ ਫਸੇ 3 ਲੋਕਾਂ ਨੂੰ ਬਾਹਰ ਕੱਢਿਆ। ਕਾਰ ਅੰਦਰੋਂ ਕੱਢੇ ਗਏ 3 ਲੋਕਾਂ ਨੂੰ ਐਂਬੂਲੈਂਸ ਜ਼ਰੀਏ ਜੌਨ ਹੰਟਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਦਸੇ ਵਾਲੀ ਥਾਂ 'ਤੇ ਆਪਸ 'ਚ ਟਕਰਾਈਆਂ ਕਾਰਾਂ ਦੀ ਹਾਲਤ ਇਹ ਬਿਆਨ ਕਰਦੀ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ।