ਹਵਾ 'ਚ ਸੀ ਜਹਾਜ਼ ਅਤੇ ਕਾਲਰ ਫੜ ਹੱਥੋਪਾਈ ਹੋਏ ਪਾਇਲਟ, ਯਾਤਰੀਆਂ ਦੇ ਛੁੱਟੇ ਪਸੀਨੇ

08/29/2022 10:44:09 AM

ਪੈਰਿਸ (ਏ.ਐੱਨ.ਆਈ.): ਫਲਾਈਟ ਨੂੰ ਯਾਤਰਾ ਦਾ ਸਭ ਤੋਂ ਤੇਜ਼ ਸਾਧਨ ਮੰਨਿਆ ਜਾਂਦਾ ਹੈ। ਪਰ ਜੇਕਰ ਹਜ਼ਾਰਾਂ ਫੁੱਟ ਦੀ ਉਚਾਈ 'ਤੇ ਉਡਾਣ ਭਰਨ ਵਾਲੇ ਪਾਇਲਟ ਹੀ ਆਪਸ 'ਚ ਝਗੜਾ ਕਰਨਾ ਸ਼ੁਰੂ ਕਰ ਦੇਣ ਤਾਂ ਯਾਤਰੀਆਂ ਦਾ ਕੀ ਹਾਲ ਬਣੇ। ਜੀ ਹਾਂ ਅਜਿਹੀ ਹੀ ਇੱਕ ਘਟਨਾ ਫਰਾਂਸ ਵਿੱਚ ਵਾਪਰੀ, ਜਿੱਥੇ ਏਅਰ ਫਰਾਂਸ ਦੇ ਦੋ ਪਾਇਲਟ ਫਲਾਈਟ ਦੌਰਾਨ ਆਪਸ ਵਿੱਚ ਲੜ ਪਏ। ਮਾਮਲਾ ਇੰਨਾ ਵੱਧ ਗਿਆ ਕਿ ਫਲਾਈਟ ਅਟੈਂਡੈਂਟ ਨੂੰ ਦੋਹਾਂ ਪਾਇਲਟਾਂ ਵਿਚਾਲੇ ਚੱਲ ਰਹੀ ਲੜਾਈ ਨੂੰ ਰੋਕਣ ਲਈ ਆਉਣਾ ਪਿਆ। ਇਸ ਤੋਂ ਕੁਝ ਦਿਨ ਪਹਿਲਾਂ ਸੁਡਾਨ ਦੇ ਖਾਰਟੂਮ ਤੋਂ ਅਦੀਸ ਅਬਾਬਾ ਜਾ ਰਹੇ ਇਥੋਪੀਅਨ ਏਅਰਲਾਈਨਜ਼ ਦੇ ਦੋਵੇਂ ਪਾਇਲਟ 37000 ਫੁੱਟ ਦੀ ਉਚਾਈ 'ਤੇ ਸੌਂ ਗਏ ਸਨ। ਇਸ ਕਾਰਨ ਉਹਨਾਂ ਦਾ ਜਹਾਜ਼ ਅਦੀਸ ਅਬਾਬਾ ਹਵਾਈ ਅੱਡੇ ਨੂੰ ਪਾਰ ਕਰਕੇ ਓਵਰਟੇਕ ਕਰ ਗਿਆ।

ਇਸ ਕਾਰਨ ਪਾਇਲਟਾਂ ਵਿਚਾਲੇ ਸ਼ੁਰੂ ਹੋਈ ਲੜਾਈ

ਲਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਏਅਰ ਫਰਾਂਸ ਦੀ ਫਲਾਈਟ ਜਨੇਵਾ ਤੋਂ ਪੈਰਿਸ ਜਾ ਰਹੀ ਸੀ। ਜਿਵੇਂ ਹੀ ਜਹਾਜ਼ ਆਪਣੀ ਨਿਰਧਾਰਤ ਉਚਾਈ 'ਤੇ ਪਹੁੰਚਿਆ, ਇਸ ਦੌਰਾਨ ਦੋਵਾਂ ਪਾਇਲਟਾਂ ਵਿਚ ਬ੍ਰੀਫਕੇਸ ਨੂੰ ਇਕ ਦੂਜੇ ਦੇ ਸਮਾਨ ਦੇ ਉੱਪਰ ਰੱਖਣ ਨੂੰ ਲੈ ਕੇ ਬਹਿਸ ਹੋ ਗਈ। ਹਾਲਾਤ ਉਦੋਂ ਵਿਗੜ ਗਏ ਜਦੋਂ ਇੱਕ ਪਾਇਲਟ ਨੇ ਦੂਜੇ ਪਾਇਲਟ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਅਜਿਹੇ ਵਿੱਚ ਜ਼ੁਬਾਨੀ ਜੰਗ ਹੱਥੋਪਾਈ ਵਿੱਚ ਬਦਲ ਗਈ। ਇੱਕ ਪਾਇਲਟ ਨੇ ਦੂਜੇ ਨੂੰ ਥੱਪੜ ਮਾਰ ਦਿੱਤਾ। ਫਿਰ ਦੋਹਾਂ ਨੇ ਇਕ-ਦੂਜੇ ਦਾ ਕਾਲਰ ਫੜ ਲਿਆ ਅਤੇ ਕਾਕਪਿਟ ਦੇ ਅੰਦਰ ਲੜਨ ਲੱਗੇ। ਦੋਵਾਂ ਵਿਚਾਲੇ ਲੜਾਈ ਅਤੇ ਗਾਲੀ-ਗਲੋਚ ਦੀ ਆਵਾਜ਼ ਇੰਨੀ ਉੱਚੀ ਸੀ ਕਿ ਫਲਾਈਟ ਅਟੈਂਡੈਂਟ ਤੋਂ ਲੈ ਕੇ ਯਾਤਰੀਆਂ 'ਚ ਦਹਿਸ਼ਤ ਫੈਲ ਗਈ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਵਿਦਿਆਰਥੀਆਂ ਲਈ ਚੰਗੀ ਖ਼ਬਰ, ਕੈਨੇਡਾ ਸਰਕਾਰ ਨੇ ਵੀਜ਼ਾ 'ਚ ਦੇਰੀ ਦਾ ਕੱਢਿਆ ਹੱਲ

ਇੰਝ ਬਚੀ ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਜਾਨ

ਮਾਮਲਾ ਵਿਗੜਦਾ ਦੇਖ ਫਲਾਈਟ 'ਚ ਮੌਜੂਦ ਕੈਬਿਨ ਕਰੂ ਮੈਂਬਰਾਂ ਨੇ ਦਖਲ ਦੇਣ ਦਾ ਫ਼ੈਸਲਾ ਕੀਤਾ। ਖੁਸ਼ਕਿਸਮਤੀ ਨਾਲ ਕਾਕਪਿਟ ਅੰਦਰੋਂ ਬੰਦ ਨਹੀਂ ਸੀ। ਫਲਾਈਟ ਅਟੈਂਡੈਂਟਾਂ ਨੇ ਕਾਕਪਿਟ ਦਾ ਦਰਵਾਜ਼ਾ ਤੋੜ ਦਿੱਤਾ ਅਤੇ ਹੱਥੋਪਾਈ ਹੋਏ ਪਾਇਲਟਾਂ ਨੂੰ ਇੱਕ ਦੂਜੇ ਤੋਂ ਦੂਰ ਕੀਤਾ। ਹਾਲਾਂਕਿ, ਫਲਾਈਟ ਨੂੰ ਉਡਾਉਣ ਲਈ ਦੋਵੇਂ ਪਾਇਲਟਾਂ ਦੀ ਲੋੜ ਹੁੰਦੀ ਹੈ, ਇਸ ਲਈ ਬਾਕੀ ਦਾ ਸਫ਼ਰ ਪੂਰਾ ਕਰਨ ਲਈ ਦੋਵਾਂ ਨੂੰ ਨੇੜੇ ਹੀ ਬਿਠਾ ਦਿੱਤਾ ਗਿਆ ਸੀ। ਦੋਵੇਂ ਪਾਇਲਟਾਂ ਨੂੰ ਦੁਬਾਰਾ ਉਲਝਣ ਤੋਂ ਬਚਾਉਣ ਲਈ, ਪਾਇਲਟਾਂ ਦੇ ਪਿੱਛੇ ਇੱਕ ਤਾਕਤਵਰ ਕੈਬਿਨ ਕਰੂ ਮੈਂਬਰ ਬਿਠਾਇਆ ਗਿਆ। ਜਿਸ ਤੋਂ ਬਾਅਦ ਜਹਾਜ਼ ਆਪਣੀ ਮੰਜ਼ਿਲ ਪੈਰਿਸ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਨ 'ਚ ਕਾਮਯਾਬ ਰਿਹਾ।


ਦੋਵੇਂ ਪਾਇਲਟ ਸਸਪੈਂਡ, ਏਅਰਲਾਈਨ ਨੇ ਦਿੱਤੀ ਸਫਾਈ 

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਏਅਰ ਫਰਾਂਸ ਨੂੰ ਸਮਝਾਉਣ ਲਈ ਅੱਗੇ ਆਉਣਾ ਪਿਆ। ਏਅਰ ਫਰਾਂਸ ਦੇ ਇਕ ਬੁਲਾਰੇ ਨੇ ਕਾਕਪਿਟ ਵਿਚ ਪਾਇਲਟਾਂ ਵਿਚਾਲੇ ਹੋਈ ਤਕਰਾਰ ਨੂੰ “ਬਿਲਕੁਲ ਅਣਉਚਿਤ ਵਿਵਹਾਰ” ਦੱਸਿਆ। ਉਸਨੇ ਕਿਹਾ ਕਿ ਇਹ ਘਟਨਾ ਫਲਾਈਟ ਦੇ ਆਚਰਣ ਜਾਂ ਸੁਰੱਖਿਆ ਨੂੰ ਪ੍ਰਭਾਵਿਤ ਕੀਤੇ ਬਿਨਾਂ ਤੇਜ਼ੀ ਨਾਲ ਖਤਮ ਹੋ ਗਈ ਜੋ ਕਿ ਆਮ ਵਾਂਗ ਜਾਰੀ ਰਹੀ। ਫਰਾਂਸ ਦੀ ਸਿਵਲ ਐਵੀਏਸ਼ਨ ਸੇਫਟੀ ਇਨਵੈਸਟੀਗੇਸ਼ਨ ਅਥਾਰਟੀ ਦੀ ਰਿਪੋਰਟ ਮੁਤਾਬਕ ਪਾਇਲਟਾਂ ਨੂੰ ਜਾਂਚ ਦੌਰਾਨ ਮੁਅੱਤਲ ਕਰ ਦਿੱਤਾ ਗਿਆ ਹੈ। ਏਅਰਲਾਈਨ ਨੇ ਪੁਸ਼ਟੀ ਕੀਤੀ ਕਿ ਇਹ ਘਟਨਾ ਜੂਨ ਵਿੱਚ ਏਅਰਬੱਸ ਏ320 ਦੀ ਉਡਾਣ ਦੌਰਾਨ ਵਾਪਰੀ ਸੀ। ਘਟਨਾ ਦੌਰਾਨ ਪਾਇਲਟਾਂ ਵਿਚਕਾਰ ਅਣਉਚਿਤ ਇਸ਼ਾਰਿਆਂ ਦਾ ਅਦਾਨ-ਪ੍ਰਦਾਨ ਵਿਵਾਦ ਦਾ ਕਾਰਨ ਬਣਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana