ਨਿਯਮਾਂ ਨੂੰ ਛਿੱਕੇ ਟੰਗਣ ਵਾਲੇ ਨੇਤਾਵਾਂ ਖਿਲਾਫ ਟਵਿੱਟਰ ਨੇ ਵਰਤੀ ਸਖ਼ਤੀ

10/16/2019 7:36:12 PM

ਸਾਨ ਫਰਾਂਸਿਸਕੋ (ਏਜੰਸੀ)- ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ ਆਪਣੇ ਵਿਚਾਰਾਂ ਅਤੇ ਨੀਤੀਆਂ ਨੂੰ ਜਤਾਉਣ ਦਾ ਮਜ਼ਬੂਤ ਜ਼ਰੀਆ ਬਣ ਗਿਆ ਹੈ। ਕੋਈ ਆਮ ਇਨਸਾਨ ਹੋਵੇ ਜਾਂ ਫਿਰ ਕਿਸੇ ਦੇਸ਼ ਦਾ ਰਾਸ਼ਟਰਪਤੀ ਹਰ ਕਿਸੇ ਲਈ ਇਹ ਮੰਚ ਮੁਹੱਈਆ ਹੈ। ਹਾਲਾਂਕਿ, ਟਵਿੱਟਰ ਦਾ ਕਹਿਣਾ ਹੈ ਕਿ ਸੰਸਾਰਕ ਨੇਤਾ ਉਸ ਦੀਆਂ ਨੀਤੀਆਂ ਤੋਂ ਉਪਰ ਨਹੀਂ ਹਨ। ਇਸ ਲਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੇਤਾਵਾਂ ਦੇ ਟਵੀਟ ਨੂੰ ਯੂਜ਼ਰ ਵਲੋਂ ਲਾਈਕ ਜਾਂ ਸ਼ੇਅਰ ਕਰਨ 'ਤੇ ਰੋਕ ਲਗਾਉਣ ਦਾ ਫੈਸਲਾ ਲਿਆ ਗਿਆ ਹੈ।

ਹਾਲਾਂਕਿ ਇਸ ਦੇ ਨਾਲ ਹੀ ਟਵਿੱਟਰ ਨੇ ਇਹ ਸਾਫ ਨਹੀਂ ਕੀਤਾ ਕਿ ਉਹ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਰਗੇ ਸੰਸਾਰਕ ਨੇਤਾਵਾਂ ਦੇ ਅਕਾਉਂਟ 'ਤੇ ਰੋਕ ਲਗਾਏਗਾ ਜਾਂ ਨਹੀਂ? ਟਵਿੱਟਰ ਦੇ ਇਸ ਬਿਆਨ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਟਰੰਪ ਵਰਗੇ ਸੰਸਾਰਕ ਨੇਤਾਵਾਂ ਪ੍ਰਤੀ ਉਦਾਰਤਾ ਦਿਖਾਉਂਦਾ ਰਹੇਗਾ। ਅਜਿਹਾ ਹੀ ਜੇਕਰ ਕੋਈ ਆਮ ਯੂਜ਼ਰ ਕਰਦਾ ਤਾਂ ਸ਼ਾਇਦ ਉਸ ਪ੍ਰਤੀ ਇੰਨੀ ਉਦਾਰਤਾ ਨਹੀਂ ਦਿਖਾਈ ਜਾਂਦੀ।

ਟਵਿੱਟਰ ਨੇ ਮੰਗਲਵਾਰ ਨੂੰ ਬਲਾਗ ਪੋਸਟ ਵਿਚ ਕਿਹਾ, ਅਸੀਂ ਯੂਜ਼ਰਸ ਨੂੰ ਸੰਸਾਰਕ ਨੇਤਾਵਾਂ ਦੇ ਅਜਿਹੇ ਪੋਸਟ ਨੂੰ ਲਾਈਕ, ਸ਼ੇਅਰ ਜਾਂ ਰੀਟਵੀਟ ਕਰਨ ਦੀ ਇਜਾਜ਼ਤ ਨਹੀਂ ਦੇਣਗੇ, ਜੋ ਸਾਡੇ ਨਿਯਮਾਂ ਦੀ ਉਲੰਘਣਾ ਕਰਦੇ ਹਨ। ਯੂਜ਼ਰ ਹਾਲਾਂਕਿ, ਰੀਟਵੀਟ ਦੇ ਨਾਲ ਟਿੱਪਣੀ ਕਰਕੇ ਆਪਣੀ ਰਾਏ ਜ਼ਾਹਿਰ ਕਰ ਸਕਣਗੇ। ਸਾਡਾ ਮਕਸਦ ਆਪਣੇ ਵਿਵੇਕਪੂਰਣ ਅਤੇ ਨਿਰਪੱਖ ਨਿਯਮਾਂ ਨੂੰ ਪ੍ਰਭਾਵੀ ਕਰਨ ਦਾ ਹੈ। ਆਮ ਤੌਰ 'ਤੇ ਟਵਿੱਟਰ ਵਲੋਂ ਵਿਵਾਦਤ ਟਵੀਟਸ ਨੂੰ ਡਿਲੀਟ ਕਰ ਦਿੱਤਾ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਟਵਿੱਟਰ ਆਪਣੀ ਇਸ ਪਾਲਿਸੀ ਨੂੰ ਲੈ ਕੇ ਕਾਫੀ ਸਰਗਰਮ ਨਜ਼ਰ ਆ ਰਿਹਾ ਹੈ।

ਟਵਿੱਟਰ ਦਾ ਇਹ ਬਿਆਨ ਅਜਿਹੇ ਸਮੇਂ ਆਉਂਦਾ ਹੈ, ਜਦੋਂ ਉਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਤ ਟਵੀਟ ਖਿਲਾਫ ਕਦਮ ਚੁੱਕਣ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਹ ਟਰੰਪ ਖਿਲਾਫ ਕਾਰਵਾਈ ਕਰਨ ਤੋਂ ਡਰ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਟਵਿੱਟਰ ਤੋਂ ਟਰੰਪ ਦਾ ਅਕਾਉਂਟ ਬੰਦ ਕਰਨ ਦੀ ਮੰਗ ਕੀਤੀ ਸੀ। ਟਰੰਪ ਆਪਣੇ ਸਿਆਸੀ ਵਿਰੋਧੀਆਂ 'ਤੇ ਹਮਲਾ ਕਰਨ ਲਈ ਅਕਸਰ ਹੀ ਟਵਿੱਟਰ ਦੀ ਵਰਤੋਂ ਕਰਦੇ ਹਨ।


Sunny Mehra

Content Editor

Related News