ਟਵਿੱਟਰ ਨੇ ਪਾਕਿ ਦੇ ਦੋਸ਼ਾਂ ਨੂੰ ਕੀਤਾ ਖਾਰਿਜ, ਕਿਹਾ-ਨਿਯਮਾਂ ਤੋਂ ਉਪਰ ਕੋਈ ਨਹੀਂ

08/20/2019 5:14:00 PM

ਇਸਲਾਮਾਬਾਦ— ਟਵਿੱਟਰ, ਜਿਸ ਨੇ ਕਸ਼ਮੀਰ ਮੁੱਦੇ ਬਾਰੇ ਪੋਸਟ ਕਰਨ ਵਾਲੇ ਪਾਕਿਸਤਾਨੀਆਂ ਦੇ 200 ਦੇ ਖਾਤਿਆਂ ਨੂੰ ਮੁਅੱਤਲ ਕਰ ਦਿੱਤਾ ਹੈ, ਨੇ ਇਸਲਾਮਾਬਾਦ ਵੱਲੋਂ ਪੱਖਪਾਤ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਉਸ ਨੇ ਨਿਰਪੱਖਤਾ ਨਾਲ ਨੀਤੀਆਂ ਨੂੰ ਲਾਗੂ ਕੀਤਾ ਤੇ ਸਾਰੇ ਉਪਭੋਗਤਾਵਾਂ ਦੀ ਨਿਰਪੱਖਤਾ ਨੂੰ ਯਕੀਨੀ ਬਣਾਇਆ।

ਸੋਮਵਾਰ ਪਾਕਿਸਤਾਨੀ ਸਰਕਾਰ ਨੇ ਟਵਿੱਟਰ ਨੂੰ ਸ਼ਿਕਾਇਤ ਕੀਤੀ ਸੀ ਕਿ ਕਸ਼ਮੀਰ ਮੁੱਦੇ ਬਾਰੇ ਪੋਸਟ ਕਰਨ ਕਾਰਨ 200 ਦੇ ਕਰੀਬ ਖਾਤਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਿਛਲੇ ਇਕ ਹਫਤੇ ਦੌਰਾਨ, ਕਈ ਪਾਕਿਸਤਾਨੀਆਂ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ ਕਿ ਕਸ਼ਮੀਰ ਬਾਰੇ ਉਨ੍ਹਾਂ ਦੇ ਪੋਸਟ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਖਾਤੇ ਮੁਅੱਤਲ ਕੀਤੇ ਜਾ ਰਹੇ ਸਨ। ਟਵਿੱਟਰ ਨੇ ਹਾਲਾਂਕਿ ਸਾਫ ਕੀਤਾ ਕਿ ਉਨ੍ਹਾਂ ਦੀਆਂ ਨੀਤੀਆਂ ਉਨ੍ਹਾਂ ਦੇ ਸਾਰੇ ਯੂਜ਼ਰਾਂ ਲਈ ਨਿਰਪੱਖ ਹਨ ਤੇ ਉਸ ਦੀ ਕਾਰਵਾਈ ਕਿਸੇ ਸਿਆਸੀ ਪ੍ਰਭਾਵ ਜਾਂ ਕਿਸੇ ਖਾਸ ਦੇਸ਼ ਖਿਲਾਫ ਨਹੀਂ ਕੀਤੀ ਗਈ ਹੈ।

ਪਲੇਟਫਾਰਮ 'ਤੇ ਸੈਂਸਰਸ਼ਿਪ ਤੇ ਪੱਖਪਾਤੀ ਦੋਸ਼ਾਂ ਦਾ ਜਵਾਬ ਦਿੰਦੇ ਹੋਏ, ਟਵਿੱਟਰ ਦੇ ਇਕ ਬੁਲਾਰੇ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਸਾਰੇ ਖਾਤਿਆਂ ਨੂੰ ਨਿਯਮਾਂ ਦੇ ਉਲੰਘਣ ਕਾਰਨ ਹੀ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਪਲੇਟਫਾਰਮ 'ਤੇ ਅੱਤਵਾਦ, ਨਫ਼ਰਤ ਭਰੇ ਵਿਵਹਾਰ ਤੇ ਭੱਦੇ ਵਤੀਰੇ ਲਈ ਕੋਈ ਥਾਂ ਨਹੀਂ ਹੈ। ਟਵਿੱਟਰ 'ਤੇ ਨਿਯਮਾਂ ਤੋਂ ਉਪਰ ਕੋਈ ਵੀ ਨਹੀਂ ਹੈ।

Baljit Singh

This news is Content Editor Baljit Singh