ਭਾਰਤ ਨਾਲ ਸੀ. ਈ. ਸੀ. ਏ. ''ਤੇ ਗੱਲ ਨਾ ਬਣਨ ਦੇ ਮੁੱਦੇ ਨੂੰ ਆਸਟਰੇਲੀਆ ਦੇ ਮੀਡੀਆ ਨੇ ਦਿੱਤੀ ਪ੍ਰਮੁੱਖਤਾ

04/11/2017 5:04:43 PM

ਮੈਲਬੌਰਨ— ਆਸਟਰੇਲੀਆ ਦੇ ਮੀਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੇ ਪਹਿਲੇ ਭਾਰਤ ਦੌਰੇ ਦੌਰਾਨ ਦੋਵੇਂ ਦੇਸ਼ ਲੰਬੇ ਸਮੇਂ ਤੋਂ ਲਟਕੇ ਹੋਏ ਮੁਕਤ ਵਪਾਰ ਸਮਝੌਤੇ ਨੂੰ ਆਖ਼ਰੀ ਰੂਪ ਦੇਣ ''ਚ ਅਸਫ਼ਲ ਰਹੇ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਕਾਫੀ ਚੰਗੀ ਰਹੀ। ਟਰਨਬੁੱਲ ਦੇ ਦੌਰੇ ਤੋਂ ਲੰਬੇ ਸਮੇਂ ਤੋਂ ਠੱਪ ਪਈ ਵਪਾਰ ਗੱਲਬਾਤ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਸੀ ਪਰ ਦੋਹਾਂ ਨੇਤਾਵਾਂ ਨੇ ਮੰਨਿਆ ਕਿ ਤਰੱਕੀ ''ਬਹੁਤ ਹੌਲੀ'' ਸੀ। ਟਰਨਬੁੱਲ ਨੇ ਕਿਹਾ ਕਿ ਸਮਝੌਤੇ ਲਈ ਮਨਮਰਜ਼ੀ ਵਾਲੀ ਮਿਆਦ ਤੈਅ ਕਰਨ ਦਾ ਕੋਈ ਮਤਲਬ ਨਹੀਂ। ਇੱਕ ਨਿਊਜ਼ ਚੈਲਨ ਨੇ ਟਰਨਬੁੱਲ ਦਾ ਹਵਾਲਾ ਦਿੰਦਿਆਂ ਕਿਹਾ, ''ਤੁਸੀਂ ਇੱਕ ਸਮਝੌਤੇ ''ਤੇ ਕਦੇ ਵੀ ਦਸਤਖ਼ਤ ਨਹੀਂ ਕਰ ਸਕਦੇ ਹੋ, ਸਵਾਲ ਇਹ ਹੈ ਕਿ ਕੀ ਇਸ ''ਚ ਆਸਟਰੇਲੀਆ ਦੇ ਨਜ਼ਰੀਏ ਤੋਂ ਉਹ ਪ੍ਰਬੰਧ ਹੈ ਕਿ ਨਹੀਂ ਜਿਹੜੇ ਉਸ ਨੂੰ ਮੁੱਲਵਾਨ ਅਤੇ ਉਪਯੋਗੀ ਬਣਾਉਂਦੇ ਹਨ?'' ਆਪਣੀ ਰਸਮੀ ਗੱਲਬਾਤ ''ਚ ਦੋਹਾਂ ਨੇਤਾਵਾਂ ਨੇ ਸੋਮਵਾਰ ਨੂੰ ਕਈ ਮੁੱਦਿਆਂ ''ਤੇ ਚਰਚਾ ਕੀਤੀ, ਜਿਨ੍ਹਾਂ ''ਚ ਰਾਸ਼ਟਰੀ ਸੁਰੱਖਿਆ, ਅੱਤਵਾਦ ਨਾਲ ਮੁਕਾਬਲਾ, ਸਿੱਖਿਆ ਅਤੇ ਊਰਜਾ ਸ਼ਾਮਲ ਹਨ। ਦੋਹਾਂ ਦੇਸ਼ਾਂ ਨੇ 6 ਸਮਝੌਤਿਆਂ ''ਤੇ ਦਸਤਖ਼ਤ ਵੀ ਕੀਤੇ।