ਬਰਫ਼ੀਲੇ ਪਹਾੜਾਂ ''ਤੇ ਪਣ-ਬਿਜਲੀ ਉਤਪਾਦਨ ਨੂੰ ਲੈ ਕੇ ਟਰਨਬੁੱਲ ਸਰਕਾਰ ਦਾ ਵੱਡਾ ਐਲਾਨ, ਹੋਣਗੇ ਕਈ ਫਾਇਦੇ

03/16/2017 12:47:07 PM

ਕੈਨਬਰਾ— ''ਸਨੋਈ ਮਾਊਂਟੇਨਜ਼ ਹਾਈਡਰੋ ਸਕੀਮ'' ਦੇ ਵਿਸਥਾਰ ਲਈ ਕੇਂਦਰ ਸਰਕਾਰ ਵਲੋਂ 2 ਬਿਲੀਅਨ ਡਾਲਰ ਖ਼ਰਚੇ ਜਾਣਗੇ। ਇਸ ਸੰਬੰਧੀ ਐਲਾਨ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਵਿਸਥਾਰ ਲਈ ਇੱਕ ਨਵਾਂ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ, ਜਿਸ ''ਚ ਜੇਕਰ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਸੂਬਿਆਂ ਦੀਆਂ ਸਰਕਾਰਾਂ ਨਿਵੇਸ਼ ਨਹੀਂ ਕਰਦੀਆਂ ਹਨ ਤਾਂ ਕੇਂਦਰ ਸਰਕਾਰ ਖ਼ੁਦ ਵੀ ਇਸ ਪ੍ਰਾਜੈਕਟ ਦਾ ਖ਼ਰਚਾ ਚੁੱਕੇਗੀ। ਦੱਸਣਯੋਗ ਹੈ ਕਿ ''ਸਨੋਈ ਮਾਊਂਟੇਨਜ਼ ਹਾਈਡਰੋ ਸਕੀਮ'' ਸਾਲ 1974 ''ਚ ਪੂਰੀ ਹੋਈ ਸੀ। ਇਸ ਸਕੀਮ ਦੇ ਤਹਿਤ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਸੂਬਿਆਂ ''ਚ ਬਰਫੀਲੇ ਪਹਾੜਾਂ ''ਤੇ ਪਣ ਬਿਜਲੀ ਉਤਪਾਦਨ ਪਲਾਂਟ ਲਗਾਏ ਗਏ ਹਨ, ਜਿੱਥੇ ਕਿ ਬਰਫ ਨੂੰ ਪਾਣੀ ''ਚ ਤਬਦੀਲ ਕਰਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। 
ਪ੍ਰਧਾਨ ਮੰਤਰੀ ਟਰਨਬੁੱਲ ਨੇ ਕਿਹਾ ਕਿ ਸਕੀਮ ਦੇ ਵਿਸਥਾਰ ਲਈ ਸ਼ੁਰੂ ਕੀਤੇ ਜਾਣ ਵਾਲੇ ਪ੍ਰਾਜੈਕਟ ਦੇ ਤਹਿਤ 27 ਮੀਟਰ ਲੰਬੀਆਂ ਤਿੰਨ ਸੁਰੰਗਾਂ ਅਤੇ ਕੁਝ ਹੋਰ ਪਾਵਰ ਸਟੇਸ਼ਨ ਬਣਾਏ ਜਾਣਗੇ। ਹਾਲਾਂਕਿ ਇਸ ਪ੍ਰਾਜੈਕਟ ''ਚ ਨਵੇਂ ਡੈਮਾਂ ਦੇ ਨਿਰਮਾਣ ਨਾਲ ਸੰਬੰਧਤ ਕੋਈ ਵੀ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਪੂਰਾ ਹੋਣ ਨਾਲ ਆਸਟਰੇਲੀਆ ਦਾ ਊਰਜਾ ਭਵਿੱਖ ਦਾ ਸੁਰੱਖਿਅਤ ਹੋ ਜਾਵੇਗਾ। ਸ਼੍ਰੀ ਟਰਨਬੁੱਲ ਨੇ ਕਿਹਾ ਕਿ ਮੌਜੂਦਾ ਸਮੇਂ ''ਚ ਬਰਫੀਲੇ ਪਹਾੜਾਂ ''ਤੇ ਬਣੇ ਪਲਾਂਟਾਂ ਤੋਂ 4000 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ ਪਰ ਇਨ੍ਹਾਂ ਦੇ ਵਿਸਥਾਰ ਨਾਲ ਉਤਪਾਦਨ ਸਮਰੱਥਾ ''ਚ ਕਰੀਬ 50 ਫੀਸਦੀ ਦਾ ਵਾਧਾ ਹੋ ਜਾਵੇਗਾ ਅਤੇ 500,000 ਘਰਾਂ ਨੂੰ ਬਿਜਲੀ ਸਪਲਾਈ ਹੋ ਸਕੇਗੀ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਪ੍ਰਾਜੈਕਟ ਦੇ ਪੂਰਾ ਹੋਣ ''ਚ ਚਾਰ ਤੋਂ ਸੱਤ ਸਾਲ ਦਾ ਸਮਾਂ ਲੱਗ ਸਕਦਾ ਹੈ ਅਤੇ ਇਸ ਦੇ ਸ਼ੁਰੂ ਹੋਣ ਨਾਲ ਕਰੀਬ 500 ਨਵੀਆਂ ਨੌਕਰੀਆਂ ਵੀ ਨਿਕਣਗੀਆਂ।