ਤੁਰਕੀ 'ਚ ਆਏ ਭੂਚਾਲ ਕਾਰਨ ਹੁਣ ਤਕ 38 ਲੋਕਾਂ ਦੀ ਮੌਤ

01/27/2020 1:53:08 PM

ਇਸਤਾਂਬੁਲ— ਤੁਰਕੀ 'ਚ ਆਏ ਭੂਚਾਲ ਨੇ ਭਿਆਨਕ ਤਬਾਹੀ ਮਚਾ ਦਿੱਤੀ ਹੈ ਤੇ ਹੁਣ ਮਰਨ ਵਾਲਿਆਂ ਦੀ ਗਿਣਤੀ 38 ਹੋ ਗਈ ਹੈ। ਤਕਰੀਬਨ 45 ਲੋਕਾਂ ਨੂੰ ਢੇਰੀ ਹੋਈਆਂ ਇਮਾਰਤਾਂ ਦੇ ਮਲਬੇ 'ਚੋਂ ਸੁਰੱਖਿਅਤ ਕੱਢਿਆ ਗਿਆ ਹੈ। ਆਫਤ ਅਤੇ ਐਮਰਜੈਂਸੀ ਪ੍ਰਬੰਧ ਵਿਭਾਗ ਨੇ ਦੱਸਿਆ ਕਿ ਭੂਚਾਲ ਸ਼ੁੱਕਰਵਾਰ ਰਾਤ ਤੇ ਸ਼ਨੀਵਾਰ ਸਵੇਰ ਵਿਚਕਾਰ ਐਲਜ਼ੀਜ਼ ਸੂਬੇ 'ਚ ਆਇਆ ਸੀ ਅਤੇ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.8 ਮਾਪੀ ਗਈ।
ਵਿਭਾਗ ਵਲੋਂ ਵੈੱਬਸਾਈਟ 'ਤੇ ਜਾਰੀ ਇਕ ਬਿਆਨ ਮੁਤਾਬਕ ਭੂਚਾਲ ਕਾਰਨ ਤਕਰੀਬਨ 1,243 ਲੋਕ ਜ਼ਖਮੀ ਹਨ। ਉਨ੍ਹਾਂ ਦੱਸਿਆ ਕਿ ਬਚਾਅ ਮੁਹਿੰਮ ਦੌਰਾਨ ਐਲਜ਼ੀਜ਼ ਸੂਬੇ 'ਚ ਮਲਬੇ ਦੇ ਹੇਠੋਂ ਕੁੱਝ ਹੋਰ ਲਾਸ਼ਾਂ ਵੀ ਕੱਢੀਆਂ ਗਈਆਂ ਅਤੇ ਮਲਬੇ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਸਿਹਤ ਮੰਤਰੀ ਫਹਵੇਟਿਨ ਕੋਕਾ ਨੇ ਦੱਸਿਆ ਸੀ ਕਿ 128 ਲੋਕਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ 34 ਲੋਕਾਂ ਨੂੰ ਖਾਸ ਦੇਖਭਾਲ 'ਚ ਰੱਖਿਆ ਗਿਆ ਹੈ। ਇਸ ਦੇ ਇਲਾਵਾ ਤੁਰਕੀ ਦੇ 28 ਸੂਬਿਆਂ 'ਚ 493 ਬਚਾਅ ਦਲ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਲਗਭਗ 1,700 ਟੈਂਟ, 1,656 ਬਿਸਤਰੇ ਅਤੇ 9,200 ਚਾਦਰਾਂ ਸਣੇ ਹੋਰ ਸਮਾਨ ਇਨ੍ਹਾਂ ਖੇਤਰਾਂ 'ਚ ਭੇਜਿਆ ਗਿਆ ਹੈ। ਮੋਬਾਇਲ ਆਪਰੇਟਰਾਂ ਨੇ ਵੀ ਸਭ ਤੋਂ ਵਧ ਪ੍ਰਭਾਵਿਤ ਖੇਤਰਾਂ 'ਚ ਮੁਫਤ ਸੰਚਾਰ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।