ਤੁਰਕੀ 'ਚ ਅਮਰੀਕੀ ਪਾਦਰੀ 'ਤੇ ਅੱਤਵਾਦੀ ਸਬੰਧਾਂ ਨੂੰ ਲੈ ਕੇ ਅਦਾਲਤੀ ਸੁਣਵਾਈ ਸ਼ੁਰੂ

Monday, Apr 16, 2018 - 04:57 PM (IST)

ਅਲੀਆਗਾ/ਤੁਰਕੀ(ਭਾਸ਼ਾ)— ਤੁਰਕੀ ਵਿਚ ਇਕ ਅਮਰੀਕੀ ਪਾਦਰੀ 'ਤੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਰੱਖਣ ਅਤੇ ਜਾਸੂਸੀ ਕਰਨ ਦੇ ਦੋਸ਼ ਵਿਚ ਸੁਣਵਾਈ ਸ਼ੁਰੂ ਹੋ ਰਹੀ ਹੈ। ਇਸ ਵਿਸ਼ੇ 'ਤੇ ਤੁਰਕੀ ਅਤੇ ਅਮਰੀਕਾ ਦੇ ਰਿਸ਼ਤੇ ਵਿਚ ਤਣਾਅ ਪੈਦਾ ਹੋ ਗਿਆ ਹੈ। ਅਮਰੀਕਾ ਦੇ ਉਤਰੀ ਕੈਰੋਲੀਨਾ ਦੇ 50 ਸਾਲਾ ਇਵੈਂਜੀਲੀਕਲ ਪਾਦਰੀ ਐਂਡਰਿਊ ਕ੍ਰੈਗ ਬਰੂਨਸਨ 'ਤੇ ਅੱਤਵਾਦੀ ਸੰਗਠਨਾਂ ਵੱਲੋਂ ਅਪਰਾਧ ਕਰਨ ਅਤੇ ਜਾਸੂਸੀ ਕਰਨ ਦਾ ਦੋਸ਼ ਹੈ ਅਤੇ ਉਨ੍ਹਾਂ ਨੂੰ 35 ਸਾਲ ਦੀ ਕੈਦ ਹੋ ਸਕਦੀ ਹੈ।
ਉਂਝ ਉਹ ਕਿਸੇ ਵੀ ਅੱਤਵਾਦੀ ਸੰਗਠਨ ਦੇ ਮੈਂਬਰ ਨਹੀਂ ਹਨ। ਉਨ੍ਹਾਂ 'ਤੇ ਤੁਰਕੀ ਦੇ ਪੱਛਮੀ ਸ਼ਹਿਰ ਅਲੀਆਗਾ ਵਿਚ ਸੁਣਵਾਈ ਸ਼ੁਰੂ ਹੋਈ। ਬਰੂਨਸਨ ਨੂੰ ਪਾਬੰਦੀਸ਼ੁਦਾ ਕੁਰਦਿਸ਼ ਵਿਦਰੋਹੀਆਂ ਅਤੇ ਅਮਰੀਕਾ ਵਿਚ ਰਹਿਣ ਵਾਲੇ ਮੌਲਵੀ ਫਤੁਲਾਹ ਗੁਲੇਨ ਦੀ ਅਗਵਾਈ ਵਾਲੇ ਨੈਟਵਰਕ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਦਸੰਬਰ, 2016 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਤੁਰਕੀ ਨੇ ਗੁਲੇਨ 'ਤੇ 2016 ਵਿਚ ਅਸਫਲ ਫੌਜੀ ਤਖਤਾਪਲਟ ਕਰਨ ਦਾ ਦੋਸ਼ ਲਗਾਇਆ ਸੀ। ਤੁਰਕੀ ਵਿਚ 23 ਸਾਲ ਤੋਂ ਰਹਿ ਰਹੇ ਬਰੂਨਸਨ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਉਥੇ ਹੀ ਅਮਰੀਕਾ ਨੇ ਉਨ੍ਹਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।


Related News