ਤੁਰਕੀ : 3 ਦਿਨਾਂ ਬਾਅਦ ਮਲਬੇ ''ਚੋਂ ਕੱਢੀਆਂ ਬੱਚੀਆਂ, ਲੋਕਾਂ ਨੇ ਤਾੜੀਆਂ ਵਜਾ ਵਧਾਇਆ ਹੌਂਸਲਾ

11/02/2020 7:34:58 PM

ਇਸਤਾਂਬੁਲ- ਤੁਰਕੀ ਤੇ ਯੂਨਾਨ ਵਿਚਕਾਰ ਇਜਿਅਨ ਸਾਗਰ ਵਿਚ ਸ਼ਕਤੀਸ਼ਾਲੀ ਭੂਚਾਲ ਆਉਣ ਨਾਲ 3 ਦਿਨ ਬਾਅਦ ਸੋਮਵਾਰ ਨੂੰ ਬਚਾਅ ਦਲਾਂ ਨੇ ਇਜਮਿਰ ਸ਼ਹਿਰ ਵਿਚ ਇਕ ਅਪਾਰਟਮੈਂਟ ਦੇ ਮਲਬੇ ਵਿਚੋਂ ਦੋ ਕੁੜੀਆਂ ਨੂੰ ਜਿਊਂਦੇ ਕੱਢਿਆ। ਤੁਰਕੀ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਇਜਮਿਰ ਵਿਚ ਢਹਿ-ਢੇਰੀ ਹੋਈਆਂ ਇਮਾਰਤਾਂ 'ਚੋਂ ਰਾਤ ਭਰ ਬਚਾਅ ਦਲ ਲਾਸ਼ਾਂ ਕੱਢਦੇ ਰਹੇ ਤੇ ਮਰਨ ਵਾਲਿਆਂ ਦੀ ਗਿਣਤੀ ਹੁਣ 81 ਹੋ ਗਈ ਹੈ। ਇਸ ਭੂਚਾਲ ਵਿਚ ਇਕ ਹਜ਼ਾਰ ਤੋਂ ਵਧੇਰੇ ਲੋਕ ਜ਼ਖ਼ਮੀ ਹੋਏ ਹਨ। ਯੂਨਾਨ ਦੇ ਸਾਮੋਸ ਟਾਪੂ ਦੇ ਉੱਤਰ ਪੂਰਬ ਵਿਚ ਇਜਿਅਨ ਸਾਗਰ ਵਿਚ ਇਸ ਭੂਚਾਲ ਦਾ ਕੇਂਦਰ ਸੀ। 

ਇਸ ਨਾਲ ਸਾਮੋਸ ਵਿਚ ਦੋ ਨਾਬਾਲਗਾਂ ਦੀ ਜਾਨ ਚਲੇ ਗਈ ਤੇ ਹੋਰ 19 ਜ਼ਖ਼ਮੀ ਹੋ ਗਏ। 58 ਘੰਟਿਆਂ ਤੱਕ ਮਲਬੇ ਵਿਚ ਫਸੇ ਰਹਿਣ ਦੇ ਬਾਅਦ ਸੋਮਵਾਰ ਨੂੰ ਜਦ 14 ਸਾਲਾ ਇਦਿਨ ਸਿਰਿਨ ਨੂੰ ਕੱਢਿਆ ਗਿਆ ਤਾਂ ਬਚਾਅ ਕਰਮਚਾਰੀਆਂ ਨੇ ਖੁਸ਼ੀ ਵਿਚ ਤਾੜੀਆਂ ਵਜਾਈਆਂ। ਹਾਲਾਂਕਿ ਉਸ ਦੀ 8 ਸਾਲਾ ਭੈਣ ਨੂੰ ਨਹੀਂ ਬਚਾਇਆ ਜਾ ਸਕਿਆ। 7 ਘੰਟੇ ਬਾਅਦ ਬਚਾਅ ਕਰਮਚਾਰੀਆਂ ਨੇ 3 ਸਾਲ ਦੀ ਐਲਿਫ ਪੈਰਿਨਸੇਕ ਨੂੰ ਮਲਬੇ ਵਿਚੋਂ ਕੱਢਿਆ। 

ਦੋ ਦਿਨ ਪਹਿਲਾਂ ਉਸ ਦੀ ਮਾਂ ਅਤੇ ਦੋ ਭੈਣਾਂ ਨੂੰ ਕੱਢਿਆ ਗਿਆ ਸੀ। ਸਰਕਾਰੀ ਅਨਾਦੋਲੂ ਸਮਾਚਰ ਏਜੰਸੀ ਮੁਤਾਬਕ 3 ਸਾਲਾ ਬੱਚੀ ਆਪਣੇ ਅਪਾਰਟਮੈਂਟ ਦੇ ਮਲਬੇ ਹੇਠ 65 ਘੰਟਿਆਂ ਤੱਕ ਜਿਊਂਦੀ ਰਹੀ। ਉਹ ਰਾਹਤ ਕਰਮਚਾਰੀਆਂ ਵਲੋਂ ਬਚਾਈ ਗਈ 106ਵੀਂ ਜ਼ਿੰਦਗੀ ਸੀ। ਜਦ ਇਨ੍ਹਾਂ ਕੁੜੀਆਂ ਨੂੰ ਲੈ ਕੇ ਐਂਬੂਲੈਂਸ ਹਸਪਤਾਲ ਵਲੋਂ ਜਾ ਰਹੀ ਸੀ ਤਦ ਲੋਕਾਂ ਨੇ ਤਾੜੀਆਂ ਵਜਾ ਕੇ ਰਾਹਤ ਬਚਾਅ ਕਰਮਚਾਰੀਆਂ ਦਾ ਹੌਂਸਲਾ ਵਧਾਇਆ। ਉਂਝ ਇਸ ਭੂਚਾਲ ਦੀ ਤੀਬਰਤਾ ਨੂੰ ਲੈ ਕੇ ਕੁਝ ਵਿਵਾਦ ਹੋ ਰਿਹਾ ਹੈ। ਕੁਝ ਸੰਸਥਾਨ ਇਸ ਦੀ ਤੀਬਰਤਾ 6.9 ਅਤੇ ਕੁਝ 7.0 ਦੱਸਦੀ ਹੈ, ਜਦਕਿ ਇਸਤਾਂਬੁਲ ਦੇ ਕਾਂਡਿਲੀ ਇੰਸਟੀਚਿਊਟ ਮੁਤਾਬਕ ਇਸ ਦੀ ਤੀਬਰਤਾ 6.9 ਸੀ। ਤੁਰਕੀ ਦੀ ਐਮਰਜੈਂਸੀ ਮੁਤਾਬਕ ਇਸ ਦੀ ਤੀਬਰਤਾ 6.6 ਮਾਪੀ ਗਈ। ਇਸਤਾਂਬੁਲ ਸਣੇ ਪੱਛਮੀ ਤੁਰਕੀ ਤੇ ਯੂਨਾਨ ਦੀ ਰਾਜਧਾਨੀ ਏਥੇਨਜ਼ ਵਿਚ ਝਟਕੇ ਮਹਿਸੂਸ ਕੀਤੇ ਗਏ। 

Sanjeev

This news is Content Editor Sanjeev