ਤੁਰਕੀ ''ਚ ਅੱਜ ਖਤਮ ਹੋ ਸਕਦੀ ਹੈ ਐਮਰਜੈਂਸੀ, ਹਾਲਾਤ ਹੋਰ ਖਰਾਬ ਹੋਣ ਦਾ ਖਦਸ਼ਾ

07/18/2018 2:47:10 PM

ਇਸਤਾਂਬੁਲ (ਭਾਸ਼ਾ)— ਤੁਰਕੀ ਵਿਚ ਸਾਲ 2016 ਵਿਚ ਤਖਤਾਪਲਟ ਦੀ ਅਸਫਲ ਕੋਸ਼ਿਸ਼ ਦੇ ਬਾਅਦ ਤੋਂ ਜਾਰੀ ਐਮਰਜੈਂਸੀ ਦੇ ਅੱਜ (18 ਜੁਲਾਈ) ਖਤਮ ਹੋਣ ਦੀ ਸੰਭਾਵਨਾ ਹੈ। ਪਰ ਵਿਰੋਧੀ ਧਿਰ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਸਰਕਾਰ ਇਸ ਦੀ ਜਗ੍ਹਾ ਹੋਰ ਸਖਤ ਕਾਨੂੰਨ ਲਾਗੂ ਕਰ ਸਕਦੀ ਹੈ। ਤੁਰਕੀ ਦੇ ਰਾਸ਼ਟਰਪਤੀ ਰਜਬ ਤੈਅਬ ਅਰਦੌਣ ਨੇ 20 ਜੁਲਾਈ 2016 ਨੂੰ ਐਮਰਜੈਂਸੀ ਦਾ ਐਲਾਨ ਕੀਤਾ ਸੀ। ਇਸ ਤੋਂ 5 ਦਿਨ ਪਹਿਲਾਂ ਅੰਕਾਰਾ ਵਿਚ ਜੰਗੀ ਜਹਾਜ਼ਾਂ ਨਾਲ ਬੰਬਾਰੀ ਕੀਤੀ ਗਈ ਸੀ ਅਤੇ ਇਸਤਾਂਬੁਲ ਵਿਚ ਹਿੰਸਕ ਝੜਪਾਂ ਹੋਈਆਂ ਸਨ, ਜਿਸ ਵਿਚ 249 ਲੋਕਾਂ ਦੀ ਮੌਤ ਹੋ ਗਈ ਸੀ। 
ਇੱਥੇ ਦੱਸਣਯੋਗ ਹੈ ਕਿ ਐਮਰਜੈਂਸੀ ਸੰਭਵ ਤੌਰ 'ਤੇ ਤਿੰਨ ਮਹੀਨੇ ਲਈ ਲਗਾਈ ਜਾਂਦੀ ਹੈ ਪਰ ਤੁਰਕੀ ਵਿਚ ਇਸ ਨੂੰ 7 ਵਾਰ ਅੱਗੇ ਵਧਾਇਆ ਜਾ ਚੁੱਕਾ ਹੈ। ਇਸ ਦੌਰਾਨ ਕਰੀਬ 80,000 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਕਰੀਬ ਡੇਢ ਲੱਖ ਲੋਕਾਂ ਨੂੰ ਸਰਕਾਰੀ ਅਦਾਰਿਆਂ ਦੀ ਨੌਕਰੀ ਤੋਂ ਹਟਾਇਆ ਗਿਆ। ਬੀਤੇ ਮਹੀਨੇ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਅਰਦੌਣ ਨੇ ਐਮਰਜੈਂਸੀ ਹਟਾਉਣ ਦਾ ਸੰਕਲਪ ਜ਼ਾਹਰ ਕੀਤਾ ਸੀ। ਫਿਲਹਾਲ ਚੋਣਾਂ ਵਿਚ ਅਰਦੌਣ ਦੀ ਜਿੱਤ ਹੋਈ ਅਤੇ ਐਮਰਜੈਂਸੀ ਨੂੰ ਸਥਾਨਕ ਸਮੇਂ ਮੁਤਾਬਕ ਵੀਰਵਾਰ ਦੇਰ ਰਾਤ 1 ਵਜੇ (ਕੌਮਾਂਤਰੀ ਸਮੇਂ ਮੁਤਾਬਕ ਬੁੱਧਵਾਰ ਰਾਤ 10 ਵਜੇ) ਤੱਕ ਹਟਾ ਦਿੱਤਾ ਜਾਵੇਗਾ। ਹਾਲਾਂਕਿ ਵਿਰੋਧੀ ਧਿਰ ਸੰਸਦ ਵਿਚ ਇਕ ਨਵੇਂ ਕਾਨੂੰਨ ਦਾ ਬਿੱਲ ਪੇਸ਼ ਕੀਤੇ ਜਾਣ ਨਾਲ ਨਾਰਾਜ਼ ਹੈ ਕਿਉਂਕਿ ਇਸ ਕਾਨੂੰਨ ਵਿਚ ਐਮਰਜੈਂਸੀ ਦੇ ਸਭ ਤੋਂ ਮੁਸ਼ਕਲ ਪਹਿਲੂਆਂ ਨੂੰ ਰਸਮੀ ਰੂਪ ਦੇਣ ਦੀ ਮੰਗ ਕੀਤੀ ਗਈ ਹੈ।