ਬ੍ਰਿਟੇਨ 'ਚ ਨਸਲੀ ਹਮਲੇ ਦੇ ਪੀੜਤ ਨੇ ਕਿਹਾ—'ਪੱਗ ਨੂੰ ਧਾਰਮਿਕ ਚਿੰਨ ਮੰਨਿਆ ਜਾਵੇ'

02/23/2018 4:46:07 PM

ਲੰਡਨ (ਬਿਊਰੋ)— ਬ੍ਰਿਟੇਨ ਵਿਚ ਕਥਿਤ ਰੂਪ ਨਾਲ ਬੁੱਧਵਾਰ ਨੂੰ ਨਸਲੀ ਹਮਲੇ ਦਾ ਸ਼ਿਕਾਰ ਹੋਏ ਭਾਰਤ ਦੇ ਪ੍ਰਸਿੱਧ ਸਿੱਖ ਵਾਤਾਵਰਣਕ, ਰਵਨੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਵੀ 'ਸਿੱਖ' ਦੇ ਤੌਰ 'ਤੇ ਪਛਾਣਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਸਰਕਾਰ ਅਤੇ ਗੁਰਦੁਆਰਾ ਕਮੇਟੀਆਂ ਨੂੰ ਇਸ ਸੰਬੰਧ ਵਿਚ ਦੂਜੇ ਦੇਸ਼ਾਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਰਵਨੀਤ ਸਿੰਘ ਮੁਤਾਬਕ ਸਾਨੂੰ ਸਿੱਖ ਦੇ ਤੌਰ 'ਤੇ ਪਛਾਣ ਮਿਲਣੀ ਚਾਹੀਦੀ ਹੈ। ਪੱਗ ਨੂੰ ਇਕ ਧਾਰਮਿਕ ਚਿੰਨ ਮੰਨਿਆ ਜਾਣਾ ਚਾਹੀਦਾ ਹੈ। 
ਗੌਰਤਲਬ ਹੈ ਕਿ ਰਵਨੀਤ ਸਿੰਘ ਨੇ ਸਕਾਟਲੈਂਡ ਯਾਰਡ ਵਿਚ ਇਕ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਮੁਤਾਬਕ ਬ੍ਰਿਟੇਨ ਦੀ ਸੰਸਦ ਦੇ ਬਾਹਰ ਉਨ੍ਹਾਂ 'ਤੇ ਨਸਲੀ ਹਮਲਾ ਕੀਤਾ ਗਿਆ। ਰਵਨੀਤ ਸਿੰਘ ਨੇ ਦੱਸਿਆ ਕਿ ਇਹ ਹਮਲਾ ਉਦੋਂ ਹੋਇਆ, ਜਦੋਂ ਉਹ ਲੇਬਰ ਪਾਰਟੀ ਦੇ ਸਿੱਖ ਸੰਸਦੀ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਣ ਲੀ ਪੋਰਟਕੂਲੀਸ ਹਾਊਸ ਵਿਚ ਦਾਖਲ ਹੋਣ ਲਈ ਲਾਈਨ ਵਿਚ ਲੱਗੇ ਸਨ। ਪੋਰਟਕੂਲੀਸ ਹਾਊਸ ਬ੍ਰਿਟਿਸ਼ ਪਾਰਲੀਮੈਂਟਰੀ ਅਸਟੇਟ ਦਾ ਇਕ ਹਿੱਸਾ ਹੈ। ਰਵਨੀਤ ਸਿੰਘ ਨੇ ਦੱਸਿਆ,'' ਜਦੋਂ ਉਹ ਲਾਈਨ ਵਿਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ, ਉਦੋਂ ਇਕ ਗੋਰਾ ਵਿਅਕਤੀ ਉਨ੍ਹਾਂ ਕੋਲ ਆਇਆ। ਉਸ ਵਿਅਕਤੀ ਨੇ ਮੇਰੇ 'ਤੇ ਨਸਲੀ ਟਿੱਪਣੀ ਕੀਤੀ ਅਤੇ ਜ਼ੋਰ-ਜ਼ੋਰ ਨਾਲ 'ਮੁਸਲਿਮ ਵਾਪਸ ਜਾਓ' ਕਹਿਣ ਲੱਗਾ।'' ਰਵਨੀਤ ਸਿੰਘ ਨੇ ਕਿਹਾ,''ਮੈਨੂੰ ਨਹੀਂ ਪਤਾ ਕਿ ਉਹ ਕਿਉਂ ਚੀਕਿਆ ਅਤੇ ਉਸ ਨੇ ਮੇਰੀ ਪੱਗ 'ਤੇ ਹਮਲਾ ਕਿਉਂ ਕੀਤਾ। ਮੈਂ ਆਪਣੀ ਪੱਗ ਨੂੰ ਡਿੱਗਣ ਤੋਂ ਬਚਾ ਲਿਆ ਅਤੇ ਜਦੋਂ ਮੈਂ ਉਸ 'ਤੇ ਚੀਕਿਆ ਉਹ ਉੱਥੋਂ ਭੱਜ ਗਿਆ।'' ਰਵਨੀਤ ਸਿੰਘ ਨੇ ਅੱਗੇ ਕਿਹਾ,''ਅਜਿਹੀਆਂ ਘਟਨਾਵਾਂ ਪੀੜਤ ਦੇ ਆਤਮ ਸਨਮਾਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਦੇਸ਼ ਦੇ ਮਾੜੇ ਰੂਪ ਨੂੰ ਦਰਸਾਉਂਦੀਆਂ ਹਨ।''