ਦਸਤਾਰਧਾਰੀ ਲੈਫਟੀਨੈਂਟ ਨੇ ਕਾਇਮ ਕੀਤੀ ਸਰਦਾਰੀ, ਫੌਜ ਵਿਚ ਗੋਰਿਆਂ ਨੂੰ ਦੇ ਰਿਹੈ ਸਿਖਲਾਈ

07/13/2017 12:47:47 PM

ਬ੍ਰਿਸਬੇਨ— ਵਿਦੇਸ਼ਾਂ 'ਚ ਵੀ ਸਿੱਖੀ ਦੀ ਪੂਰੀ ਚੜ੍ਹਤ ਹੈ। ਇੱਥੇ ਵੱਸਦੇ ਸਿੱਖਾਂ ਨੇ ਵੀ ਸਿੱਖੀ ਦੀ ਸ਼ਾਨ ਨੂੰ ਪੂਰੀ ਤਰ੍ਹਾਂ ਨਾਲ ਕਾਇਮ ਰੱਖਿਆ ਹੈ। ਆਸਟਰੇਲੀਆ ਤੋਂ ਸਿੱਖਾਂ ਲਈ ਮਾਣ ਵਾਲੀ ਖਬਰ ਹੈ। ਇੱਥੇ ਇਕ ਫੌਜੀ ਸਿੱਖ ਆਸਟਰੇਲੀਅਨ ਫੌਜ ਵਿਚ ਗੋਰਿਆਂ ਨੂੰ ਸਿਖਲਾਈ ਦੇ ਰਿਹਾ ਹੈ। ਇਸ ਫੌਜੀ ਸਿੱਖ ਦਾ ਨਾਂ ਅਮਰਿੰਦਰ ਘੁੰਮਣ ਹੈ। ਲੈਫਟੀਨੈਂਟ ਅਮਰਿੰਦਰ ਘੁੰਮਣ ਆਸਟਰੇਲੀਆਈ ਫੌਜ ਦੇ ਅਫਸਰ ਹਨ ਅਤੇ ਸਿਖਲਾਈ ਕਮਾਂਡਰ ਦੀ ਭੂਮਿਕਾ ਨਿਭਾ ਰਹੇ ਹਨ। ਘੁੰਮਣ ਦੀ ਜ਼ਿੰਮਵਾਰੀ ਆਸਟਰੇਲੀਅਨ ਫੌਜ ਵਿਚ ਨਵੇਂ ਭਰਤੀ ਹੋ ਰਹੇ ਫੌਜੀਆਂ ਨੂੰ ਸਿਖਲਾਈ ਦੇਣਾ ਅਤੇ ਇਕ ਮਜ਼ਬੂਤ ਸਿਪਾਹੀ ਤਿਆਰ ਕਰਨਾ ਹੈ। ਘੁੰਮਣ ਨਵੇਂ ਭਰਤੀ ਫੌਜੀਆਂ ਨੂੰ ਸਕੂਲ ਆਫ ਮਿਲਟਰੀ ਇੰਜੀਨੀਅਰਿੰਗ ਵਿਚ ਸਿਖਲਾਈ ਦੇ ਰਹੇ ਹਨ।
ਬੀਤੇ ਦਿਨ ਉਨ੍ਹਾਂ ਨੇ ਕਮਾਂਡਰ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਕੂਲ ਆਫ ਮਿਲਟਰੀ ਇੰਜੀਨੀਅਰਿੰਗ ਵਿਚ ਪਰੇਡ ਵਿਚ ਹਿੱਸਾ ਲਿਆ ਅਤੇ ਸਮੁੱਚੇ ਭਾਈਚਾਰੇ ਦੀ ਸ਼ਾਨ ਨੂੰ ਵਧਾਇਆ। ਇਸ ਪਰੇਡ ਵਿਚ ਪਰਿਵਾਰ ਅਤੇ ਨਵੇਂ ਸਾਥੀ ਦੋਸਤ ਵੀ ਮੌਜੂਦ ਸਨ, ਜਿਨ੍ਹਾਂ ਨੇ ਕਮਾਂਡਰ ਲੈਫਟੀਨੈਂਟ ਘੁੰਮਣ ਦੀ ਅਗਵਾਈ ਵਿਚ ਫੌਜ ਦੀ ਪਰੇਡ ਨੂੰ ਦੇਖਿਆ। ਆਸਟਰੇਲੀਆ ਫੌਜ ਨੇ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰ ਨਾਲ ਜੁੜੇ ਨੌਜਵਾਨਾਂ ਨੂੰ ਭਰਤੀ ਕਰਨ ਦੀ ਪਹਿਲ ਕੀਤੀ ਹੈ। ਘੁੰਮਣ ਨੇ ਇਸ ਦਿਨ ਦੀਆਂ ਤਸਵੀਰਾਂ ਨੂੰ ਵੀ ਸ਼ੇਅਰ ਕੀਤਾ ਹੈ। ਇਸ ਪਰੇਡ 'ਚ ਸੁਕੈਡਰਨ ਲੀਡਰ ਵਿਕਰ ਗਰੇਵਾਲ ਵੀ ਮੌਜੂਦ ਸਨ, ਜਿਨ੍ਹਾਂ ਨੇ ਲੋਕਾਂ ਦੀ ਇਕ ਵੱਡੀ ਗਲਤਫਹਿਮੀ ਨੂੰ ਦੂਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੌਜ ਵਿਚ ਸਿੱਖ ਦਸਤਾਰ ਦੇ ਨਾਲ-ਨਾਲ ਜੋ ਉਨ੍ਹਾਂ ਦੇ ਪੰਜ ਕੰਕਾਰ ਹਨ, ਉਹ ਪਹਿਨ ਸਕਦੇ ਹਨ।