ਨੇਪਾਲ ਦੇ ਜੋਤਸ਼ੀਆਂ ਨੇ ਕਿਹਾ-''ਦੇਉਬਾ ਹੀ ਹੋਣਗੇ ਅਗਲੇ ਪ੍ਰਧਾਨ ਮੰਤਰੀ''

12/05/2017 2:13:39 PM

ਕਾਠਮਾਂਡੂ (ਬਿਊਰੋ)— ਨੇਪਾਲ ਵਿਚ ਇਸ ਮਹੀਨੇ ਆਮ ਚੋਣਾਂ ਹੋ ਰਹੀਆਂ ਹਨ। ਇੱਥੋਂ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਇਸ ਵਾਰੀ ਵੀ ਉਹੀ ਪ੍ਰਧਾਨ ਮੰਤਰੀ ਬਨਣਗੇ ਕਿਉਂਕਿ ਉਨ੍ਹਾਂ ਦੇ ਜੋਤਸ਼ੀ ਨੇ ਅਜਿਹਾ ਕਿਹਾ ਹੈ।
ੁਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਨੇਪਾਲ ਵਿਚ ਅੰਧ ਵਿਸ਼ਵਾਸ ਬਹੁਤ ਜ਼ਿਆਦਾ ਹਨ ਅਤੇ ਇੱਥੇ ਸਿਆਸੀ ਗਲਿਆਰੇ ਵਿਚ ਜੋਤਸ਼ੀਆਂ ਨੂੰ ਕਾਫੀ ਸਨਮਾਨ ਦਿੱਤਾ ਜਾਂਦਾ ਹੈ। ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇੱਥੇ ਭਵਿੱਖ ਦੇਖਣ ਵਾਲਿਆਂ ਦੀ ਭਾਰੀ ਮੰਗ ਹੈ। ਇੱਥੋਂ ਦੇ ਨੇਤਾ ਆਪਣੇ ਹਰ ਕੰਮ ਤੋਂ ਪਹਿਲਾਂ ਜੋਤਸ਼ੀਆਂ ਦੀ ਸਲਾਹ ਲੈਂਦੇ ਹਨ। ਇਸ ਲਈ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਵੀ ਲਗਾਤਾਰ ਜੋਤਸ਼ੀਆਂ ਦੇ ਸੰਪਰਕ ਵਿਚ ਹਨ। ਜੋਤਸ਼ੀਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਹ 7 ਵਾਰੀ ਨੇਪਾਲ ਦੇ ਪ੍ਰਧਾਨ ਮੰਤਰੀ ਬਨਣਗੇ। ਪ੍ਰਧਾਨ ਮੰਤਰੀ ਦੇ ਤੌਰ 'ਤੇ ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੈ। ਜੋਤਸ਼ੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਵਾਰੀ ਦੀਆਂ ਚੋਣਾਂ ਉਨ੍ਹਾਂ ਦੀ ਪਾਰਟੀ ਹੀ ਜਿੱਤੇਗੀ। 
ਇਸ ਵਾਰੀ ਚੋਣਾਂ ਵਿਚ ਦੇਉਬਾ ਦੀ ਨੇਪਾਲੀ ਕਾਂਗਰਸ ਅਤੇ ਵਿਰੋਧੀ ਨੇਤਾ ਕੇ. ਪੀ. ਓਲੀ ਦੀ ਕਮਿਊਨਿਸਟ CNP-UML ਪਾਰਟੀ ਵਿਚਕਾਰ ਸਖਤ ਮੁਕਾਬਲਾ ਹੈ। ਦੇਉਬਾ ਦੇ ਜੋਤਸ਼ੀ ਅੰਗੀਰਾਸ ਨਿਊਪੇਨ ਨੇ ਕਿਹਾ ਕਿ ਦੇਉਬਾ ਦੀ ਕੁੰਡਲੀ ਦੇ ਆਧਾਰ 'ਤੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਘੱਟ ਤੋਂ ਘੱਟ ਇਕ ਵਾਰੀ ਹੋਰ ਸੇਵਾ ਕਰਨਗੇ।