ਟਰੰਪ ਭਲਕੇ ਇਮਰਾਨ ਤੇ ਪਰਸੋਂ ਮੋਦੀ ਨਾਲ ਕਰਨਗੇ ਮੁਲਾਕਾਤ

09/21/2019 9:12:19 PM

ਵਾਸ਼ਿੰਗਟਨ (ਭਾਸ਼ਾ)-ਅਮੀਰਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਿਊਸਟਨ ਵਿਖੇ ‘ਹਾਊਡੀ ਮੋਦੀ’ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਿਲ ਹੋਣ ਤੋਂ ਇਕ ਦਿਨ ਬਾਅਦ ਸੋਮਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਨਗੇ। ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਦੱਸਿਆ ਕਿ ਟਰੰਪ ਮੰਗਲਵਾਰ ਨੂੰ ਨਿਊਯਾਰਕ ’ਚ ਮੋਦੀ ਨਾਲ ਦੁਬਾਰਾ ਮੁਲਾਕਾਤ ਕਰਨਗੇ। ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਟਰੰਪ ਦੀ ਮੁਲਾਕਾਤ ਯੂ. ਐੱਨ. ਜਨਰਲ ਅਸੈਂਬਲੀ ਦੇ ਸਮਾਗਮ ਤੋਂ ਪਹਿਲਾਂ ਹੋਵੇਗੀ। ਟਰੰਪ ਐਤਵਾਰ ਰਾਤ ਨੂੰ ਨਿਊਯਾਰਕ ਵਿਖੇ ਪਹੁੰਚ ਜਾਣਗੇ, ਜਿਸ ਤੋਂ ਬਾਅਦ ਉਹ ਓਹੀਓ ਜਾਣਗੇ, ਜਿਥੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ।
ਚੀਨ ਦੁਨੀਆ ਲਈ ਖਤਰਾ : ਟਰੰਪ
ਟਰੰਪ ਨੇ ਚੀਨ ਦੀ ਵੱਧਦੀ ਫੌਜੀ ਤਾਕਤ ’ਤੇ ਚਿੰਤਾ ਪ੍ਰਗਟ ਕਰਦਿਆਂ ਸ਼ਨੀਵਾਰ ਨੂੰ ਕਿਹਾ ਕਿ ਉਹ ਦੁਨੀਆ ਲਈ ਇਕ ਖਤਰਾ ਹੈ। ਟਰੰਪ ਨੇ ਅਮਰੀਕਾ ਦੇ ਕਈ ਸਾਬਕਾ ਆਗੂਆਂ ’ਤੇ ਅਮਰੀਕਾ ਦੀ ਦਿਮਾਗੀ ਤਾਕਤ ਨੂੰ ਚੋਰੀ ਕਰਨ ਤੋਂ ਚੀਨ ਨੂੰ ਨਾ ਰੋਕਣ ਦਾ ਵੀ ਦੋਸ਼ ਲਾਇਆ। ਚੀਨ ਨੇ ਅੱਜਕਲ ਆਪਣੀ ਫੌਜ ’ਤੇ ਕੀਤਾ ਜਾਣ ਵਾਲਾ ਖਰਚ 7 ਫੀਸਦੀ ਵਧਾ ਕੇ 152 ਅਰਬ ਡਾਲਰ ਕਰ ਲਿਆ ਹੈ। ਟਰੰਪ ਨੇ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਚੀਨ ਇਸ ਸਮੇਂ ਅਮਰੀਕੀ ਪੈਸਿਆਂ ਦੀ ਹੀ ਵਰਤੋਂ ਕਰ ਰਿਹਾ ਹੈ।
ਸਾਊਦੀ ਅਰਬ ’ਚ ਫੌਜ ਦੀ ਤਾਇਨਾਤੀ ਦੀ ਦਿੱਤੀ ਪ੍ਰਵਾਨਗੀ
ਟਰੰਪ ਨੇ ਸਾਊਦੀ ਅਰਬ ਦੇ ਤੇਲ ਪਲਾਂਟਾਂ ’ਤੇ ਹੋਏ ਹਮਲੇ ਪਿੱਛੋਂ ਸਾਊਦੀ ਅਰਬ ’ਚ ਅਮਰੀਕੀ ਫੌਜ ਦੇ ਹੋਰ ਜਵਾਨ ਤਾਇਨਾਤ ਕਰਨ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਹੈ। ਰੱਖਿਆ ਸਕੱਤਰ ਮਾਰਗ ਨੇ ਸ਼ਨੀਵਾਰ ਮੀਡੀਆ ਨੂੰ ਦੱਸਿਆ ਕਿ ਭਵਿੱਖ ’ਚ ਕਿਸੇ ਹੋਰ ਸੰਭਾਵਿਤ ਹਮਲੇ ਨੂੰ ਰੋਕਣ ਲਈ ਹੋਰ ਜਵਾਨ ਤਾਇਨਾਤ ਕੀਤੇ ਗਏ ਹਨ।

Sunny Mehra

This news is Content Editor Sunny Mehra