ਟਰੰਪ ਨੇ ਇਮਰਾਨ ਤੇ ਗਨੀ ਦਾ ਬੰਧਕਾਂ ਨੂੰ ਰਿਹਾਅ ਕਰਨ ਲਈ ਕੀਤਾ ਸ਼ੁਕਰਾਨਾ

11/22/2019 5:42:11 PM

ਵਾਸ਼ਿੰਗਟਨ / ਇਸਲਾਮਾਬਾਦ(ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਵੱਖ-ਵੱਖ ਫੋਨ ਕੀਤੇ ਤੇ ਦੋ ਬੰਧਕਾਂ ਅਮਰੀਕੀ ਕੇਵਿਨ ਕਿੰਗ ਤੇ ਆਸਟਰੇਲਿਆਈ ਤੀਮੋਥੀ ਵੀਕਸ ਦੀ ਰਿਹਾਈ ਲਈ ਧੰਨਵਾਦ ਦਿੱਤਾ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ।

ਤਾਲਿਬਾਨ ਨੇ ਇਨ੍ਹਾਂ ਦੋਵਾਂ ਨੂੰ 2016 ਤੋਂ ਹੀ ਬੰਧਕ ਬਣਾਇਆ ਹੋਇਆ ਸੀ। ਮੰਗਲਵਾਰ ਨੂੰ ਕੇਵਿਨ ਕਿੰਗ (63) ਤੇ ਤੀਮੋਥੀ ਵੀਕਸ (50) ਨੂੰ ਅਫਗਾਨਿਸਤਾਨ ਦੇ ਦੱਖਣੀ ਸੂਬੇ ਜਾਬੁਲ ਵਿਚ ਅਮਰੀਕੀ ਸੁਰੱਖਿਆ ਬਲਾਂ ਨੂੰ ਸੌਂਪ ਦਿੱਤਾ ਗਿਆ। ਇਸ ਦੇ ਬਦਲੇ ਅਫਗਾਨ ਸਰਕਾਰ ਨੇ ਤਿੰਨ ਵੱਡੇ ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕੀਤਾ। ਰਿਹਾਅ ਕੀਤੇ ਗਏ ਲੋਕ ਹੱਕਾਨੀ ਨੈੱਟਵਰਕ ਨਾਲ ਜੁੜੇ ਤਾਲਿਬਾਨ ਦੇ ਤਿੰਨ ਮੈਂਬਰ ਅਨਸ ਹੱਕਾਨੀ, ਹਾਜੀ ਮਾਲੀ ਖਾਨ ਤੇ ਹਾਫਿਜ ਰਾਸ਼ਿਦ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਵੀਰਵਾਰ ਨੂੰ ਟਰੰਪ ਨੇ ਦੋ ਵੱਖ-ਵੱਖ ਫੋਨ ਕਾਲ ਕੀਤੇ। ਵ੍ਹਾਈਟ ਹਾਊਸ ਨੇ ਗੱਲਬਾਤ ਦਾ ਬਿਓਰਾ ਦੱਸਦੇ ਹੋਏ ਕਿਹਾ ਕਿ ਖਾਨ ਨਾਲ ਫੋਨ ਕਾਲ ਵਿਚ ਟਰੰਪ ਨੇ ਦੋ ਬੰਧਕਾਂ ਦੀ ਰਿਹਾਈ ਵਿਚ ਪਾਕਿਸਤਾਨ ਦੇ ਸਹਿਯੋਗ ਲਈ ਉਨ੍ਹਾਂ ਨੂੰ ਧੰਨਵਾਦ ਦਿੱਤਾ। ਜਾਣਕਾਰੀ ਮੁਤਾਬਕ ਟਰੰਪ ਨੂੰ ਉਮੀਦ ਹੈ ਕਿ ਇਹ ਸਕਾਰਾਤਮਕ ਘਟਨਾ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਵਿਚ ਯੋਗਦਾਨ ਦੇਵੇਗੀ। ਇਸ ਦੇ ਮੁਤਾਬਕ ਦੋਵਾਂ ਨੇਤਾਵਾਂ ਨੇ ਅਮਰੀਕਾ-ਪਾਕਿਸਤਾਨ ਵਪਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ, ਜੋ ਇਸ ਸਾਲ ਇਕ ਨਵਾਂ ਰਿਕਾਰਡ ਸਥਾਪਤ ਕਰਨ ਦੇ ਰਸਤੇ 'ਤੇ ਹੈ। ਇਸ ਦੇ ਨਾਲ ਹੀ ਨਿਵੇਸ਼ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਆਪਸੀ ਸਬੰਧਾਂ 'ਤੇ ਵੀ ਗੱਲਬਾਤ ਹੋਈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ਮੁਤਾਬਕ ਖਾਨ ਨੇ ਰਾਸ਼ਟਰਪਤੀ ਟਰੰਪ ਨੂੰ ਕਸ਼ਮੀਰ ਦੀ ਮੌਜੂਦਾ ਹਾਲਤ ਤੋਂ ਵੀ ਜਾਣੂ ਕਰਾਇਆ। ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਵਲੋਂ ਕਸ਼ਮੀਰ ਮਾਮਲੇ 'ਤੇ ਲਗਾਤਾਰ ਵਿਚੋਲਗੀ ਦੀ ਪੇਸ਼ਕਸ਼ ਕਰਨ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਖਾਨ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੂੰ ਕਸ਼ਮੀਰ ਮੁੱਦੇ ਦੇ ਸ਼ਾਂਤੀਪੂਰਨ ਹੱਲ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਵਾਰ-ਵਾਰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਭਾਰਤ ਹਮੇਸ਼ਾ ਇਹ ਕਹਿੰਦਾ ਰਿਹਾ ਹੈ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਵਿਚਾਲੇ ਦਾ ਇਕ ਦੁਵੱਲਾ ਮਾਮਲਾ ਹੈ ਜਿਸ ਵਿਚ ਤੀਜੇ ਪੱਖ ਦੀ ਵਿਚੋਲਗੀ ਦੀ ਕੋਈ ਗੁੰਜਾਇਸ਼ ਨਹੀਂ ਹੈ।

ਅਫਗਾਨੀ ਰਾਸ਼ਟਰਪਤੀ ਗਨੀ ਨਾਲ ਫੋਨ 'ਤੇ ਗੱਲਬਾਤ ਵਿਚ ਟਰੰਪ ਨੇ ਦੋ ਬੰਧਕਾਂ ਨੂੰ ਆਜ਼ਾਦ ਕਰਨ ਵਿਚ ਉਨ੍ਹਾਂ  ਦੇ  ਸਹਿਯੋਗ ਦੀ ਸ਼ਲਾਘਾ ਕੀਤੀ। ਟਰੰਪ ਨੇ ਆਪਣੇ ਦੇਸ਼ ਦੀ ਸ਼ਾਂਤੀ ਪ੍ਰਕਿਰਿਆ ਵਿਚ ਅਫਗਾਨ ਸਰਕਾਰ ਦੀ ਮਹੱਤਵਪੂਰਣ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਵ੍ਹਾਈਟ ਹਾਊਸ ਨੇ ਕਿਹਾ ਕਿ ਦੋਵਾਂ ਪੱਖਾਂ ਨੇ ਸਹਿਮਤੀ ਜਤਾਈ ਕਿ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਤੇ ਇਕ ਡਿਪਲੋਮੈਟਿਕ ਸਮਝੌਤੇ ਤੱਕ ਪੁੱਜਣ ਲਈ ਕਿਸੇ ਗੱਲਬਾਤ ਲਈ ਹਿੰਸਾ ਵਿਚ ਕਮੀ ਦੀ ਬੇਹੱਦ ਲੋੜ ਹੈ।


Baljit Singh

Content Editor

Related News