ਟਰੰਪ ਨੇ ਹੁਆਵੇਈ ਤੇ ਉਸਦੀਆਂ ਸਹਿਯੋਗੀ ਕੰਪਨੀਆਂ ਨੂੰ ਕੀਤਾ Black List

05/16/2019 2:05:49 PM

ਵਾਸ਼ਿੰਗਟਨ — ਵਪਾਰ ਮੋਰਚਿਆਂ 'ਤੇ ਚੀਨ ਨਾਲ ਵਧਦੇ ਵਿਵਾਦ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਵਿਦੇਸ਼ ਵਿਚ ਬਣੇ ਦੂਰਸੰਚਾਰ ਸਾਜ਼ੋ-ਸਮਾਨ ਲਗਾਉਣ ਤੋਂ ਰੋਕਣ ਸੰਬੰਧੀ ਆਦੇਸ਼ 'ਤੇ ਦਸਤਖਤ ਕੀਤੇ ਹਨ। ਇਹ ਉਪਕਰਣ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਹਨ। ਅਮਰੀਕਾ ਵਲੋਂ ਇਹ ਕਦਮ ਚੀਨ ਦੀ ਦਿੱਗਜ ਦੂਰਸੰਚਾਰ ਕੰਪਨੀ ਹੁਆਵੇਈ ਨੂੰ ਅਮਰੀਕੀ ਨੈੱਟਵਰਕ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। 

ਅਮਰੀਕੀ ਸਰਕਾਰ ਦਾ ਇਹ ਆਦੇਸ਼ ਆਉਣ ਵਾਲੇ ਦਿਨਾਂ ਵਿਚ ਲਾਗੂ ਹੋ ਜਾਵੇਗਾ। ਇਸ ਦੇ ਤਹਿਤ ਹੁਆਵੇਈ ਨੂੰ ਅਮਰੀਕੀ ਤਕਨਾਲੋਜੀ ਖਰੀਦਣ ਲਈ ਅਮਰੀਕਾ ਸਰਕਾਰ ਤੋਂ ਲਾਇਸੈਂਸ ਲੈਣ ਦੀ ਜ਼ਰੂਰਤ ਹੋਵੇਗੀ। ਅਮਰੀਕਾ ਦੇ ਵਣਜ ਵਿਭਾਗ ਦੇ ਉਦਯੋਗ ਅਤੇ ਸੁਰੱਖਿਆ ਬਿਓਰੋ(ਬੀ.ਆਈ.ਐਸ.) ਨੇ ਐਲਾਨ ਕੀਤਾ ਹੈ ਕਿ ਉਹ ਹੁਆਵੇਈ ਤਕਨਾਲੋਜੀ ਕੰਪਨੀ ਲਿਮਟਿਡ ਅਤੇ ਉਸਦੀਆਂ ਸਹਿਯੋਗੀ ਕੰਪਨੀਆਂ ਨੂੰ ਕਾਲੀ ਸੂਚੀ 'ਚ ਸ਼ਾਮਲ ਕਰੇਗੀ। ਉਦਯੋਗ ਅਤੇ ਸੁਰੱਖਿਆ ਬਿਓਰੋ ਇਸ ਸੂਚੀ ਵਿਚ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਹਿੱਤਾਂ ਦੇ ਖਿਲਾਫ ਕੰਮ ਕਰਨ ਵਾਲੀਆਂ ਵਿਦੇਸ਼ੀ ਇਕਾਈਆਂ ਜਿਵੇਂ — ਵਿਅਕਤੀ, ਕੰਪਨੀ, ਕਾਰੋਬਾਰ, ਖੋਜ ਸੰਸਥਾਵਾਂ ਜਾਂ ਸਰਕਾਰੀ ਸੰਗਠਨ ਨੂੰ ਸ਼ਾਮਲ ਕਰਦਾ ਹੈ। ਜੇਕਰ ਵਿਕਰੀ ਜਾਂ ਟਰਾਂਸਫਰ ਅਮਰੀਕੀ ਸੁਰੱਖਿਆ ਜਾਂ ਵਿਦੇਸ਼ੀ ਨੀਤੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੋਵੇ ਤਾਂ ਲਾਇਸੈਂਸ ਦੇਣ ਤੋਂ ਮਨ੍ਹਾ ਕੀਤਾ ਜਾ ਸਕਦਾ ਹੈ। ਫੈਡਰਲ ਰਜਿਸਟਰ 'ਚ ਪ੍ਰਕਾਸ਼ਿਤ ਹੋਣ 'ਤੇ ਇਹ ਕਦਮ ਪ੍ਰਭਾਵੀ ਹੋਵੇਗਾ। 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਨਾਲ ਵਪਾਰ ਸਮਝੌਤੇ ਦੇ ਪਟੜੀ 'ਤੇ ਆਉਣ ਦੀਆਂ ਸੰਭਾਵਨਾਵਾਂ ਨੂੰ ਇਕ ਵਾਰ ਫਿਰ ਸ਼ੱਕ ਦੇ ਘੇਰੇ ਵਿਚ ਲਿਆਉਂਦੇ ਹੋਏ ਚੀਨ ਦੀ ਦੂਰਸੰਚਾਰ ਕੰਪਨੀ ਹੁਆਵੇਈ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਹੁਆਵੇਈ ਦੇ ਖਿਲਾਫ ਟਰੰਪ ਨੇ ਅਜਿਹੇ ਸਮੇਂ 'ਚ ਕਦਮ ਚੁੱਕਿਆ ਹੈ, ਜਦੋਂ ਚੀਨ ਦੇ ਨਾਲ ਉਸ ਦੀ ਗੱਲਬਾਤ ਉਤਰਾਅ-ਚੜ੍ਹਾਅ ਦੇ ਦੌਰ 'ਚੋਂ ਲੰਘ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਚੀਨ ਦੇ ਨੁਮਾਇੰਦੇ ਗੱਲਬਾਤ ਲਈ ਵਾਸ਼ਿੰਗਟਨ ਆਏ ਸਨ ਤਾਂ ਉਸ ਸਮੇਂ ਟਰੰਪ ਨੇ ਚੀਨ ਦੇ 200 ਅਰਬ ਡਾਲਰ ਦੇ ਉਤਪਾਦਾਂ 'ਤੇ ਆਯਾਤ ਡਿਊਟੀ ਵਧਾ ਕੇ 10 ਤੋਂ 25 ਫੀਸਦੀ ਕਰ ਦਿੱਤੀ ਸੀ। ਟਰੰਪ ਨੇ ਬੁੱਧਵਾਰ ਨੂੰ ਅਮਰੀਕੀ ਤਕਨਾਲੋਜੀ 'ਤੇ ਖਤਰੇ ਦਾ ਹਵਾਲਾ ਦਿੰਦੇ ਹੋਏ ਕੌਮੀ ਆਫਤ ਐਲਾਨ ਕਰ ਦਿੱਤਾ ਹੈ। ਟਰੰਪ ਨੇ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਇਹ ਐਲਾਨ ਕੀਤਾ। ਇਹ ਆਦੇਸ਼ ਜਾਰੀ ਹੋਣ ਤੋਂ ਬਾਅਦ ਵਣਜ ਮੰਤਰੀ ਵਿਲਬਰ ਰਾਸ ਨੂੰ ਇਹ ਅਧਿਕਾਰ ਮਿਲ ਗਿਆ ਹੈ ਕਿ ਉਹ ਅਜਿਹੇ ਲੈਣ-ਦੇਣ ਨੂੰ ਪਾਬੰਦਿਤ ਕਰ ਸਕਣਗੇ, ਜਿਹੜੇ ਕਿ ਅਮਰੀਕਾ ਦੀ ਸੁਰੱਖਿਆ ਲਈ ਖਤਰਨਾਕ ਸਾਬਤ ਹੋ ਸਕਦੇ ਹਨ। ਇਸ ਆਦੇਸ਼ ਦੇ ਜਾਰੀ ਹੁੰਦੇ ਹੀ ਅਮਰੀਕਾ ਦੇ ਵਣਜ ਮੰਤਰਾਲੇ ਨੇ ਹੁਆਵੇਈ ਅਤੇ ਉਸਦੀ ਸਹਿਯੋਗੀ ਕੰਪਨੀਆਂ ਨੂੰ ਬਿਓਰੋ ਆਫ ਇੰਡਸਟਰੀ ਐਂਡ ਸਕਿਊਰਿਟੀ ਦੀ ਸੰਸਥਾਨ ਸੂਚੀ ਵਿਚ ਸ਼ਾਮਲ ਕਰ ਦਿੱਤਾ ਹੈ, ਜਿਸਦੇ ਕਾਰਨ ਹੁਣ ਹੁਆਵੇਈ ਦਾ ਅਮਰੀਕੀ ਕੰਪਨੀਆਂ ਨਾਲ ਕਾਰੋਬਾਰ ਕਰਨਾ ਮੁਸ਼ਕਲ ਹੋ ਗਿਆ ਹੈ।