ਟਰੰਪ ਨੇ ਕਿਹਾ : ਜੇ ਬਿਡੇਨ ਰਾਸ਼ਟਰਪਤੀ ਚੋਣ ਜਿੱਤੇ ਤਾਂ ਅਮਰੀਕਾ ਦਾ ਮਾਲਕ ਬਣ ਜਾਵੇਗਾ ਚੀਨ

04/19/2020 8:50:57 PM

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੇ ਚੱਲਦੇ ਚੀਨ ਵਿਚ ਜਾਨ ਗਵਾਉਣ ਵਾਲਿਆਂ ਦੀ ਜ਼ਿਆਦਾਤਰ ਗਿਣਤੀ ਨੂੰ ਲੈ ਕੇ ਸ਼ੱਕ ਜਤਾਇਆ ਹੈ। ਉਨ੍ਹਾਂ ਨੇ ਇਸ ਨੂੰ ਗਲਤ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਕਿ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ 1290 ਦਾ ਵਾਧਾ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈ ਹੈ। ਮ੍ਰਿਤਕਾਂ ਦੇ ਅੰਕੜੇ ਵਿਚ ਸੋਧ ਤੋਂ ਬਾ੍ਦ ਚੀਨ ਵਿਚ ਕੋਰੋਨਾ ਨਾਲ ਜਾਣ ਗਵਾਉਣ ਵਾਲਿਆਂ ਦੀ ਗਿਣਤੀ 4600 ਤੋਂ ਜ਼ਿਆਦਾ ਹੋ ਗਈ ਹੈ ਜਦੋਂ ਕਿ ਅਮਰੀਕਾ ਵਿਚ 35000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਵ੍ਹਾਈਟ ਹਾਊਸ ਵਿਚ ਸ਼ਨੀਵਾਰ ਨੂੰ ਆਯੋਜਿਤ ਪ੍ਰੈਸ ਕਾਨਫਰੰਸ ਵਿਚ ਟਰੰਪ ਨੇ ਕਿਹਾ ਕਿ ਅਸੀਂ ਪਹਿਲੇ ਸਥਾਨ 'ਤੇ ਨਹੀਂ ਹੈ। ਚੀਨ ਪਹਿਲੇ ਸਥਾਨ 'ਤੇ ਹੈ। ਮਰਨ ਵਾਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਉਹ ਸਾਡੇ ਤੋਂ ਕਿਤੇ ਅੱਗੇ ਹਨ। ਅਸੀਂ ਉਨ੍ਹਾਂ ਦੇ ਨੇੜੇ ਵੀ ਨਹੀਂ ਹਾਂ। ਜਦੋਂ ਉੱਚ ਵਿਕਸਿਤ ਸਿਹਤ ਦੇਖਭਾਲ ਪ੍ਰਣਾਲੀਆਂ ਵਾਲੇ ਦੇਸ਼ਾਂ ਬ੍ਰਿਟੇਨ, ਫਰਾਂਸ, ਬੈਲਜੀਅਮ, ਇਟਲੀ ਅਤੇ ਸਪੇਨ ਵਿਚ ਮਰਨ ਵਾਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਤਾਂ ਚੀਨ ਵਿਚ ਇਹ ਸਿਰਫ 0.33 ਫੀਸਦੀ ਕਿਵੇਂ ਹੋ ਸਕਦੀ ਹੈ। ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ।

ਟਰੰਪ ਨੇ ਦਾਅਵਾ ਕੀਤਾ ਕਿ ਚੀਨ ਚਾਹੁੰਦਾ ਹੈ ਕਿ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜੋਅ ਬਿਡੇਨ ਜਿੱਤ ਜਾਣ। ਟਰੰਪ ਨੇ ਕਿਹਾ ਕਿ ਜੇਕਰ ਬਿਡੇਨ ਜਿੱਤ ਜਾਂਦੇ ਹਨ ਤਾਂ ਅਮਰੀਕਾ 'ਤੇ ਚੀਨ ਦਾ ਕਬਜ਼ਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੀ ਅਰਥਵਿਵਸਥਾ ਕੁਝ ਹੀ ਦਿਨਾਂ ਵਿਚ ਪਟਰੀ 'ਤੇ ਆ ਜਾਵੇਗੀ। ਟਰੰਪ ਨੇ ਕਿਹਾ ਕਿ ਕੋਰੋਨਾਵਾਇਰਸ ਮਾਮਲਿਆਂ ਦੇ ਅੰਕੜੇ ਲੁਕਾਉਣ ਵਾਲੇ ਚੀਨ ਦੀ ਅਥਾਰਿਟੀ ਨੇ ਹੁਣ ਮ੍ਰਿਤਕਾਂ ਦੀ ਗਿਣਤੀ ਦੇ ਅੰਕੜੇ ਸੋਧ ਕੇ ਜਾਰੀ ਕੀਤੇ ਹਨ।

ਚੀਨ ਵਲੋਂ ਸੋਧੇ ਗਏ ਅੰਕੜਿਆਂ ਮੁਤਾਬਕ ਹੁਣ ਚੀਨ ਨੇ ਕੋਰੋਨਾਵਾਇਰਸ ਦੇ ਕੇਂਦਰ ਵੂਹਾਨ ਸ਼ਹਿਰ ਵਿਚ ਮ੍ਰਿਤਕਾਂ ਦੀ ਗਿਣਤੀ ਵਿਚ 1290 ਦਾ ਇਜ਼ਾਫ਼ਾ ਕੀਤਾ ਹੈ। ਇਸ ਤਰ੍ਹਾਂ ਚੀਨ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ 4,632 ਹੋ ਗਈ ਹੈ। ਵੁਹਾਨ ਨਗਰ ਨਿਗਮ ਨੇ 16 ਅਪਰੈਲ ਤੱਕ ਮਾਮਲਿਆਂ ਦੀ ਕੁੱਲ ਗਿਣਤੀ ਵਿਚ 325 ਦਾ ਵਾਧਾ ਕੀਤਾ ਹੈ, ਜੋ ਵਧ ਕੇ ਹੁਣ 50,333 ਹੋ ਗਏ ਹਨ। ਮ੍ਰਿਤਕਾਂ ਦੀ ਗਿਣਤੀ ਵੁਹਾਨ ’ਚ 3,869 ਹੋ ਗਈ ਹੈ। ਇਸ ਤਰ੍ਹਾਂ ਸੋਧੇ ਅੰਕੜਿਆਂ ਮੁਤਾਬਕ ਚੀਨ ਵਿਚ ਕੋਵਿਡ-19 ਨਾਲ ਜੁੜੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 82,692 ਹੋ ਗਈ। ਵੂਹਾਨ ਨਗਰ ਨਿਗਮ ਨੇ ਕਿਹਾ ਕਿ ਸੋਧ ਸਬੰਧਤ ਕਾਨੂੰਨਾਂ ਤੇ ਨੇਮਾਂ ਅਤੇ ਇਤਿਹਾਸ, ਲੋਕਾਂ ਤੇ ਮ੍ਰਿਤਕਾਂ ਪ੍ਰਤੀ ਜ਼ਿੰਮੇਵਾਰ ਹੋਣ ਦੇ ਸਿਧਾਂਤ ਮੁਤਾਬਕ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਕੇਸ ਤੇ ਇਸ ਦੀ ਗੰਭੀਰਤਾ ਨੂੰ ਕਥਿਤ ਤੌਰ ’ਤੇ ਲੁਕਾਉਣ ਕਾਰਨ ਅਮਰੀਕਾ ਸਣੇ ਕਈ ਮੁਲਕਾਂ ਨੇ ਚੀਨ ਦੀ ਤਿੱਖੀ ਨਿਖੇਧੀ ਕੀਤੀ ਸੀ। ਚੀਨ ਮੁਤਾਬਕ 1081 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਤੇ 77,944 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਜਦੋਂ ਕਿ 7 ਲੱਖ 34 ਹਜ਼ਾਰ ਲੋਕ ਇਸ ਬੀਮਾਰੀ ਦੀ ਲਪੇਟ ਵਿਚ ਹਨ।


Sunny Mehra

Content Editor

Related News