ਟਰੰਪ ਨੇ ਸੀਰੀਆ, ਸਾਊਦੀ ''ਚ ਸਥਿਤੀ ਨੂੰ ਲੈ ਕੇ ਵਿਸ਼ਵ ਨੇਤਾਵਾਂ ਨਾਲ ਕੀਤੀ ਬੈਠਕ

11/13/2018 2:29:03 AM

ਵਾਸ਼ਿੰਗਟਨ — ਵ੍ਹਾਈਟ ਹਾਊਸ ਨੇ ਆਖਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਾਂਸ 'ਚ ਵਿਸ਼ਵ ਦੇ ਨੇਤਾਵਾਂ ਨਾਲ ਆਪਣੀ ਬੈਠਕ ਦੌਰਾਨ ਸੀਰੀਆ, ਸਾਊਦੀ ਅਰਬ ਅਤੇ ਅਫਗਾਨਿਸਤਾਨ 'ਚ ਸਥਿਤੀ, ਉੱਤਰੀ ਕੋਰੀਆ 'ਤੇ ਪਾਬੰਦੀਆਂ ਅਤੇ ਚੀਨ ਨਾਲ ਜੁੜੇ ਵਿਸ਼ਿਆਂ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ।
ਟਰੰਪ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦਿਮੀਰ ਪੁਤਿਨ ਸਮੇਤ ਵਿਸ਼ਵ ਦੇ ਕਰੀਬ 70 ਨੇਤਾ ਐਤਵਾਰ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਇਕੱਠੇ ਹੋਏ। ਉਹ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੀ 100ਵੀਂ ਵਰ੍ਹੇਗੰਢ ਦੇ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। ਟਰੰਪ ਐਤਵਾਰ ਦੇਰ ਰਾਤ ਵਾਸ਼ਿੰਗਟਨ ਲਈ ਰਵਾਨਾ ਹੋਏ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡ੍ਰਸ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਐਤਵਾਰ ਦੁਪਹਿਰ ਦਾ ਭੋਜਨ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ, ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਅਤੇ ਰੂਸੀ ਵਲਾਦਿਮੀਰ ਪੁਤਿਨ ਅਤੇ ਦੁਨੀਆ ਦੇ ਕਈ ਨੇਤਾਵਾਂ ਨਾਲ ਕੀਤਾ। ਉਨ੍ਹਾਂ ਨੇ ਦੱਸਿਆ ਕਿ ਨੇਤਾਵਾਂ ਨੇ ਇੰਟਰਮੀਡੀਅਟ ਰੇਂਜ ਪ੍ਰਮਾਣੂ ਸੰਧੀ, ਸੀਰੀਆ, ਵਪਾਰ, ਸਾਊਦੀ ਅਰਬ 'ਚ ਸਥਿਤੀ, ਪਾਬੰਦੀਆਂ, ਅਫਗਾਨਿਸਤਾਨ, ਚੀਨ ਅਤੇ ਉੱਤਰੀ ਕੋਰੀਆ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ। 2 ਘੰਟੇ ਦੇ ਭੋਜ ਦੌਰਾਨ ਉਨ੍ਹਾਂ ਨੇ ਕਾਫੀ ਸਕਾਰਾਤਮਕ ਅਤੇ ਪ੍ਰਭਾਵੀ ਗੱਲਬਾਤ ਕੀਤੀ।