ਮੁੜ ਸੁਰਖੀਆਂ ''ਚ ਟਰੰਪ, ਸਾਬਕਾ ਲੇਡੀ ਸਟਾਫਰ ਨਾਲ ''ਕਿੱਸ'' ਦੀ ਵੀਡੀਓ ਜਾਰੀ

07/13/2019 4:07:43 PM

ਵਾਸ਼ਿੰਗਟਨ— ਆਪਣੇ ਰੰਗੀਨ ਮਿਜਾਜ਼ ਕਾਰਨ ਚਰਚਾ ਦਾ ਵਿਸ਼ਾ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਮੁੜ ਸੁਰਖੀਆਂ 'ਚ ਆ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲ ਚਾਰਲਸ ਹਾਰਡਰ ਵਲੋਂ ਇਕ ਵੀਡੀਓ ਜਾਰੀ ਕੀਤਾ ਗਿਆ ਹੈ। ਇਸ ਵੀਡੀਓ 'ਚ ਟਰੰਪ ਆਪਣੀ ਸਾਬਕਾ ਸਟਾਫਰ ਨੂੰ 'ਕਿੱਸ' ਕਰਦੇ ਨਜ਼ਰ ਆ ਰਹੇ ਹਨ। ਵੀਡੀਓ 2016 ਦਾ ਹੈ ਤੇ ਸਟਾਫਰ ਦਾ ਨਾਂ ਅਲਵਾ ਜਾਨਸਨ ਹੈ। ਅਸਲ 'ਚ ਅਲਵਾ ਨੇ ਟਰੰਪ 'ਤੇ ਜ਼ਬਰਦਸਤੀ ਉਨ੍ਹਾਂ ਨੂੰ 'ਕਿੱਸ' ਕਰਨ ਦਾ ਦੋਸ਼ ਲਾਇਆ ਹੈ। ਹਾਰਡਰ ਨੇ ਵੀਡੀਓ ਜਾਰੀ ਕਰਕੇ ਅਲਵਾ ਦੇ ਦੋਸ਼ਾਂ ਨੂੰ ਬੇਬੁਨਿਆਦ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਥੇ ਹੀ ਜਾਨਸਨ ਦੇ ਵਕੀਲਾਂ ਦਾ ਕਹਿਣਾ ਹੈ ਕਿ ਫੁਟੇਜ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਅਲਵਾ ਦੇ ਦਾਅਵੇ ਪੂਰੀ ਤਰ੍ਹਾਂ ਸਹੀ ਸਨ।

24 ਅਗਸਤ 2016 ਦੀ ਘਟਨਾ
ਹਾਰਡਰ ਨੇ ਜੋ ਵੀਡੀਓ ਕਲਿਪ ਜਾਰੀ ਕੀਤੀ ਹੈ ਉਹ ਕਰੀਬ 15 ਸਕਿੰਟਾਂ ਦੀ ਹੈ। ਕਲਿਪ ਦੇ ਜਾਰੀ ਹੋਣ ਤੋਂ ਬਾਅਦ ਤੋਂ ਟਰੰਪ ਤੇ ਜਾਨਸਨ ਦੇ ਵਕੀਲਾਂ 'ਚ ਆਪਸੀ ਜੰਗ ਸ਼ੁਰੂ ਹੋ ਗਈ ਹੈ। ਫਰਵਰੀ 'ਚ ਜਾਨਸਨ ਨੇ ਟਰੰਪ ਦੇ ਖਿਲਾਫ ਕੇਸ ਦਰਜ ਕਰਵਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇੰਟਰਵਿਊ 'ਚ ਟਰੰਪ 'ਤੇ ਕਈ ਗੰਭੀਰ ਦੋਸ਼ ਵੀ ਲਾਏ ਸਨ। ਅਲਵਾ ਨੇ ਕਿਹਾ ਸੀ ਕਿ 24 ਅਗਸਤ ਨੂੰ ਫਲੋਰਿਡਾ ਰੈਲੀ ਤੋਂ ਪਹਿਲਾਂ ਟਰੰਪ ਨੇ ਜ਼ਬਰਦਸਤੀ ਉਨ੍ਹਾਂ ਦਾ ਹੱਥ ਫੜਿਆ ਤੇ ਉਨ੍ਹਾਂ ਨੂੰ 'ਕਿੱਸ' ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਟਰੰਪ ਨੇ ਉਨ੍ਹਾਂ ਦੇ ਮੂੰਹ ਦੇ ਨੇੜੇ 'ਕਿੱਸ' ਕੀਤਾ। ਜਾਨਸਨ ਦੀ ਮੰਨੀਏ ਤਾਂ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਬਹੁਤ ਸ਼ਰਮ ਮਹਿਸੂਸ ਕੀਤੀ।

ਬੁੱਧਵਾਰ ਨੂੰ ਕੋਰਟ 'ਚ ਹਾਰਡਰ ਨੇ ਜਾਨਸਨ ਦੇ ਦਾਅਵਿਆਂ ਨੂੰ ਗਲਤ ਦੱਸਦੇ ਹੋਏ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਹਾਰਡਰ ਨੇ ਵੀਡੀਓ ਦੇ ਆਧਾਰ 'ਤੇ ਕੋਰਟ ਨੂੰ ਦੱਸਿਆ ਕਿ ਟਰੰਪ ਤੇ ਜਾਨਸਨ ਦੇ ਵਿਚਾਲੇ ਜੋ ਕੁਝ ਹੋਇਆ ਉਹ ਆਪਸੀ ਰਜ਼ਾਮੰਦੀ 'ਤੇ ਆਧਾਰਿਤ ਸੀ ਨਾ ਕਿ ਕਿਸੇ ਜ਼ਬਰਦਸਤੀ ਦਾ ਨਤੀਜਾ। ਟਰੰਪ ਤੇ ਉਨ੍ਹਾਂ ਦੀ ਲੀਗਲ ਟੀਮ ਹਮੇਸ਼ਾ ਤੋਂ ਹੀ ਜਾਨਸਨ ਦੇ ਦਾਅਵਿਆਂ ਨੂੰ ਖਾਰਿਜ ਕਰਦੀ ਆਈ ਹੈ। ਫਰਵਰੀ 'ਚ ਉਸ ਸਮੇਂ ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸਾਂਡਰਸ ਨੇ ਜਾਨਸਨ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ। ਸਾਰਾ ਨੇ ਕਿਹਾ ਸੀ ਕਿ ਜਾਨਸਨ ਜੋ ਕੁਝ ਵੀ ਕਹਿ ਰਹੀ ਹੈ, ਉਸ ਤਰ੍ਹਾਂ ਦੀ ਘਟਨਾ ਹੋਈ ਹੀ ਨਹੀਂ। ਜਾਨਸਨ ਦੀ ਗੱਲ ਨੂੰ ਕਈ ਚਸ਼ਮਦੀਦਾਂ ਦੇ ਕਾਰਨ ਵੀ ਖਾਰਜ ਕੀਤਾ ਜਾ ਚੁੱਕਿਆ ਹੈ।


Baljit Singh

Content Editor

Related News