US ਫੌਜ ਦੇ ਡਰੋਂ ਬਗਦਾਦੀ ਨੇ ਖੁਦ ਨੂੰ ਉਡਾਇਆ, ਟਰੰਪ ਦਾ ਵੱਡਾ ਖੁਲਾਸਾ

10/28/2019 9:02:49 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਘੋਸ਼ਣਾ ਕੀਤੀ ਹੈ ਕਿ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਦਾ ਸਰਗਣਾ ਅਬੂ ਬਕਰ ਅਲ ਬਗਦਾਦੀ ਮਾਰਿਆ ਜਾ ਚੁੱਕਾ ਹੈ। ਟਰੰਪ ਨੇ ਕਿਹਾ ਕਿ ਸ਼ਨੀਵਾਰ ਰਾਤ ਸੰਯੁਕਤ ਰਾਜ ਅਮਰੀਕਾ ਨੇ ਆਪ੍ਰੇਸ਼ਨ ਚਲਾਉਂਦੇ ਹੋਏ ਇਹ ਕਰ ਦਿਖਾਇਆ। ਬਗਦਾਦੀ ਦਾ ਖਾਤਮਾ ਹੋ ਚੁੱਕਾ ਹੈ। ਉਹ ਆਈ. ਐੱਸ. ਆਈ. ਐੱਸ. ਦਾ ਸੰਸਥਾਪਕ ਸੀ ਜੋ ਕਿ ਵਿਸ਼ਵ ਦਾ ਸਭ ਤੋਂ ਹਿੰਸਕ ਅੱਤਵਾਦੀ ਸੰਗਠਨ ਹੈ। ਬਗਦਾਦੀ ਨਾਲ ਉਸ ਦੀ ਪਤਨੀ ਤੇ ਬੱਚੇ ਵੀ ਮਾਰੇ ਗਏ।

ਦੁਨੀਆਭਰ 'ਚ ਧਰਮ ਦੇ ਨਾਂ 'ਤੇ ਅੱਤਵਾਦ ਫੈਲਾਉਣ ਵਾਲੇ ਆਈ. ਐੱਸ. ਆਈ. ਐੱਸ. ਚੀਫ ਅਬੂ ਬਕਰ ਅਲ ਬਗਦਾਦੀ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕਾ ਨੇ ਖਾਸ ਆਪ੍ਰੇਸ਼ਨ ਚਲਾਇਆ ਸੀ। ਅਮਰੀਕੀ ਫੌਜ ਦੇ ਡਰੋਂ ਬਗਦਾਦੀ ਨੇ ਖੁਦ ਨੂੰ ਉਡਾ ਲਿਆ। ਟਰੰਪ ਨੇ ਦੱਸਿਆ ਕਿ ਬਗਦਾਦੀ ਨੇ ਡਰਪੋਕਾਂ ਵਾਂਗ ਆਪਣੀ ਜ਼ਿੰਦਗੀ ਨੂੰ ਖਤਮ ਕੀਤਾ। ਉਹ ਇਕ ਕੁੱਤੇ ਦੀ ਮੌਤ ਮਰਿਆ ਹੈ। ਹੁਣ ਉਹ ਕਿਸੇ ਵੀ ਮਾਸੂਮ ਵਿਅਕਤੀ ਜਾਂ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਟਰੰਪ ਨੇ ਇਸ ਘੋਸ਼ਣਾ ਤੋਂ ਕੁਝ ਘੰਟੇ ਪਹਿਲਾ ਹੀ ਇਕ ਟਵੀਟ ਕੀਤਾ ਸੀ ਜਿਸ 'ਚ ਕਿਹਾ ਸੀ ਕਿ 'ਹੁਣੇ-ਹੁਣੇ ਕੁੱਝ ਬਹੁਤ ਵੱਡਾ ਹੋਇਆ ਹੈ।''

 

ਡੀ. ਐੱਨ. ਏ. ਟੈੱਸਟ ਨਾਲ ਹੋਈ ਪੁਸ਼ਟੀ : ਟਰੰਪ


ਡੋਨਾਲਡ ਟਰੰਪ ਨੇ ਐਤਵਾਰ ਨੂੰ ਟੀ. ਵੀ. 'ਤੇ ਦੱਸਿਆ ਕਿ ਡੀ. ਐੱਨ. ਏ. ਟੈੱਸਟ ਨਾਲ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬਗਦਾਦੀ ਮਰ ਚੁੱਕਾ ਹੈ। ਟਰੰਪ ਨੇ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਬਗਦਾਦੀ ਸੁਰੰਗ 'ਚ ਲੁਕਿਆ ਸੀ। ਇਸ ਦੌਰਾਨ ਉਸ ਨੇ ਆਪਣੀ ਆਤਮਘਾਤੀ ਜੈਕਟ 'ਚ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ। ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਕਿ ਇਸ ਆਪ੍ਰੇਸ਼ਨ 'ਚ ਕਿਸੇ ਵੀ ਅਮਰੀਕੀ ਫੌਜੀ ਨੂੰ ਨੁਕਸਾਨ ਨਹੀਂ ਪੁੱਜਾ।

ਜ਼ਿਕਰਯੋਗ ਹੈ ਕਿ ਅਬੂ ਬਕਰ ਅਲ ਬਗਦਾਦੀ ਅੱਤਵਾਦ ਦਾ ਸਭ ਤੋਂ ਖਤਰਨਾਕ ਚਿਹਰਾ ਸੀ। ਉਸ ਨੇ ਖੁਦ ਨੂੰ ਖਲੀਫਾ ਵੀ ਘੋਸ਼ਿਤ ਕੀਤਾ ਸੀ। ਬਗਦਾਦੀ 1971 'ਚ ਸਾਮਰਾ ਦੇ ਨਜ਼ਦੀਕ ਇਰਾਕ 'ਚ ਪੈਦਾ ਹੋਇਆ। ਉਸ ਨੇ ਬਗਦਾਦ 'ਚ ਇਸਲਾਮੀ ਵਿਗਿਆਨ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਅਤੇ ਪੀ. ਐੱਚ. ਡੀ. ਕੀਤੀ ਸੀ।