ਇਮਰਾਨ ਖਾਨ ਨਾਲ ਅੱਤਵਾਦ ਤੇ ਅਫਗਾਨ ਸ਼ਾਂਤੀ ਵਾਰਤਾ 'ਤੇ ਗੱਲ ਕਰਨਗੇ ਟਰੰਪ

07/20/2019 1:37:05 PM

ਵਾਸ਼ਿੰਗਟਨ— ਅਮਰੀਕਾ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਸਮੇਤ ਅੱਤਵਾਦੀ ਸੰਗਠਨਾਂ ਦੇ ਖਿਲਾਫ ਪਾਕਿਸਤਾਨ ਦੀ ਕਾਰਵਾਈ ਨੂੰ ਜ਼ਿਆਦਾ ਤਵੱਜੋ ਨਹੀਂ ਦੇ ਰਿਹਾ ਹੈ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਅੱਤਵਾਦੀਆਂ ਅਤੇ ਅੱਤਵਾਦੀ ਸਮੂਹਾਂ ਖਿਲਾਫ ਕਾਰਵਾਈ ਕਰਨ ਅਤੇ ਅਫਗਾਨਿਸਤਾਨ 'ਚ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ 'ਚ ਮਦਦ ਦੇਣ 'ਤੇ ਜ਼ੋਰ ਦੇਣਗੇ।

ਇਕ ਉੱਚ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਖਾਨ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦੇ ਕੇ ਅਮਰੀਕਾ ਪਾਕਿਸਤਾਨ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜੇਕਰ ਪਾਕਿਸਤਾਨ ਅੱਤਵਾਦੀਆਂ ਦੇ ਸਬੰਧ 'ਚ ਆਪਣੀਆਂ 'ਨੀਤੀਆਂ ਨੂੰ ਬਦਲਦਾ' ਹੈ ਤਾਂ ਸਬੰਧਾਂ ਨੂੰ ਸੁਧਾਰਣ ਅਤੇ ਸਥਾਈ ਸਾਂਝੇਦਾਰੀ ਬਣਾਉਣ ਲਈ ਦਰਵਾਜ਼ੇ ਖੁੱਲ੍ਹੇ ਹਨ। ਟਰੰਪ ਦੇ ਸਾਲ 2017 'ਚ ਅਹੁਦਾ ਸੰਭਾਲਣ ਦੇ ਬਾਅਦ ਤੋਂ ਹੀ ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਸਬੰਧ ਅਸਥਿਰ ਰਹੇ ਹਨ। ਕ੍ਰਿਕਟਰ ਤੋਂ ਨੇਤਾ ਬਣੇ 66 ਸਾਲਾ ਖਾਨ ਦਾ ਸੋਮਵਾਰ ਨੂੰ ਟਰੰਪ ਦੇ ਓਵਲ ਹਾਊਸ 'ਚ ਟਰੰਪ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। 

ਤਕਰੀਬਨ ਚਾਰ ਸਾਲਾਂ 'ਚ ਕਿਸੇ ਪਾਕਿਸਤਾਨੀ ਨੇਤਾ ਦੀ ਇਹ ਪਹਿਲੀ ਮੁਲਾਕਾਤ ਹੈ। ਆਖਰੀ ਵਾਰ ਅਕਤੂਬਰ 2015 'ਚ ਨਵਾਜ਼ ਸ਼ਰੀਫ ਨੇ ਅਮਰੀਕਾ ਦੀ ਯਾਤਰਾ ਕੀਤੀ ਸੀ। ਖਾਨ ਟਰੰਪ ਦੇ ਸੱਦੇ 'ਤੇ ਅਮਰੀਕਾ ਦੀ ਯਾਤਰਾ ਕਰ ਰਹੇ ਹਨ ਅਤੇ ਪ੍ਰਸ਼ਾਸਨ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਯਾਤਰਾ ਦੇ ਮੱਦੇਨਜ਼ਰ ਇਕ ਉੱਚ ਪ੍ਰਸ਼ਾਸਨਿਕ ਅਧਿਕਾਰੀ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਮਦਦ ਨੂੰ ਤਦ ਤਕ ਹਟਾਉਣ ਤੋਂ ਇਨਕਾਰ ਕਰ ਦਿੱਤਾ ਜਦ ਤਕ ਉਹ ਅੱਤਵਾਦੀਆਂ ਅਤੇ ਅੱਤਵਾਦੀ ਸਮੂਹਾਂ ਵਿਰੁੱਧ ਠੋਸ ਕਾਰਵਾਈ ਨਹੀਂ ਕਰਦਾ। ਅਧਿਕਾਰੀ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ,''ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਜਨਵਰੀ 2018 'ਚ ਪਾਕਿਸਤਾਨ ਨੂੰ ਸੁਰੱਖਿਆ ਸਹਾਇਤਾ ਰੋਕ ਦਿੱਤੀ ਅਤੇ ਅਜੇ ਤਕ ਇਸ ਰਵੱਈਏ 'ਚ ਕੋਈ ਬਦਲਾਅ ਨਹੀਂ ਆਇਆ ਹੈ। ਸੰਯੁਕਤ ਰਾਸ਼ਟਰ ਵਲੋਂ ਘੋਸ਼ਿਤ ਕੀਤੇ ਗਏ ਅੱਤਵਾਦੀ ਸਈਦ ਨੂੰ ਬੁੱਧਵਾਰ ਹਿਰਾਸਤ 'ਚ ਲਿਆ ਗਿਆ। ਇਹ ਦਸੰਬਰ 2001 ਦੇ ਬਾਅਦ ਉਸ ਦੀ ਸੱਤਵੀਂ ਵਾਰ ਗ੍ਰਿਫਤਾਰੀ ਹੈ।