ਟਰੰਪ ਨੇ ਜੂਨ ''ਚ ਹੀ ਦੇ ਦਿੱਤੀ ਸੀ ਸੁਲੇਮਾਨੀ ਦੀ ਹੱਤਿਆ ਦੀ ਮਨਜ਼ੂਰੀ

01/14/2020 1:03:17 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਕੁਦਸ ਬਲ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਦੀ ਮਨਜ਼ੂਰੀ 7 ਮਹੀਨੇ ਪਹਿਲਾਂ ਜੂਨ 'ਚ ਹੀ ਦੇ ਦਿੱਤੀ ਸੀ। ਐੱਨ. ਬੀ. ਸੀ. ਨਿਊਜ਼ ਨੇ 5 ਮੌਜੂਦਾ ਅਤੇ ਸਾਬਕਾ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਵਾਲੇ ਤੋਂ ਸੋਮਵਾਰ ਨੂੰ ਦੱਸਿਆ ਕਿ ਟਰੰਪ ਨੇ ਈਰਾਨ ਵੱਲੋਂ ਅਮਰੀਕੀ ਡ੍ਰੋਨ ਨੂੰ ਢੇਰ ਕਰਨ ਤੋਂ ਬਾਅਦ ਪਹਿਲੀ ਵਾਰ ਜੂਨ 'ਚ ਸੁਲੇਮਾਨੀ ਨੂੰ ਮਾਰਨ ਦਾ ਨਿਰਦੇਸ਼ ਜਾਰੀ ਕੀਤਾ ਸੀ। ਇਸ ਆਦੇਸ਼ ਨੇ ਕਿਸੇ ਵੀ ਈਰਾਨੀ ਹਮਲੇ ਦੇ ਜਵਾਬ 'ਚ ਸੁਲੇਮਾਨੀ ਦੀ ਹੱਤਿਆ ਨੂੰ ਅਧਿਕਾਰਤ ਕਰ ਦਿੱਤਾ, ਜਿਸ 'ਚ ਅਮਰੀਕੀ ਨਾਗਰਿਕਾਂ ਦੀ ਮੌਤ ਹੁੰਦੀ ਹੈ। ਟਰੰਪ ਦਾ ਨਿਰਦੇਸ਼ ਇਸ ਸ਼ਰਤ ਦੇ ਨਾਲ ਆਇਆ ਸੀ ਕਿ ਉਨ੍ਹਾਂ ਕੋਲ ਅਭਿਆਨ ਦੇ ਆਦੇਸ਼ 'ਤੇ ਹਸਤਾਖਰ ਕਰਨ ਦਾ ਆਖਰੀ ਅਧਿਕਾਰ ਹੋਵੇਗਾ।

ਚੈਨਲ ਮੁਤਾਬਕ ਟਰੰਪ ਨੇ ਬਗਦਾਦ ਸਥਿਤ ਅਮਰੀਕੀ ਦੂਤਘਰ 'ਤੇ ਈਰਾਨ ਦੇ ਹਮਲੇ ਤੋਂ ਬਾਅਦ 31 ਦਸੰਬਰ ਹੱਤਿਆ ਲਈ ਆਖਰੀ ਮਨਜ਼ੂਰੀ ਦਿੱਤੀ। ਰਾਸ਼ਟਰਪਤੀ ਦੇ ਆਦੇਸ਼ ਦੀ ਕਥਿਤ ਸਮੇਂ ਸੀਮਾ ਟਰੰਪ ਦੇ ਇਸ ਦਾਅਵੇ ਨੂੰ ਕਮਜ਼ੋਰ ਕਰਦੀ ਪ੍ਰਤੀਤ ਹੁੰਦੀ ਹੈ ਕਿ ਉਨ੍ਹਾਂ ਨੇ ਇਹ ਜਾਣਨ ਤੋਂ ਬਾਅਦ ਹੱਤਿਆ ਦਾ ਆਦੇਸ਼ ਦਿੱਤਾ ਕਿ ਸੁਲੇਮਾਨੀ ਪੱਛਮੀ ਏਸ਼ੀਆ 'ਚ ਅਮਰੀਕੀ ਦੂਤਘਰਾਂ 'ਤੇ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ। ਅਮਰੀਕਾ ਨੇ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ 3 ਜਨਵਰੀ ਨੂੰ ਇਕ ਅਭਿਆਨ 'ਚ ਸੁਲੇਮਾਨੀ ਅਤੇ ਇਰਾਕੀ ਸ਼ੀਆ ਲੜਾਕਾ ਨੇਤਾ ਅਬੂ ਮੇਹਿਦੀ ਮੁਹੰਦਿਸ ਨੂੰ ਢੇਰ ਕਰ ਦਿੱਤਾ। ਹੱਤਿਆ ਤੋਂ ਠੀਕ ਇਕ ਹਫਤੇ ਪਹਿਲਾਂ, ਅਮਰੀਕਾ ਨੇ ਈਰਾਨ ਸਮਰਥਿਤ ਕਤਾਇਬ ਹਿਜ਼ਬੁੱਲਾਹ ਮਿਲੀਸ਼ੀਆ ਨੂੰ ਇਰਾਕੀ ਸ਼ਹਿਰ ਕਿਰਕੁਕ ਨੇੜੇ 27 ਦਸੰਬਰ ਨੂੰ ਇਕ ਅਮਰੀਕੀ ਫੌਜੀ ਅੱਡੇ 'ਤੇ ਹਮਲੇ ਲਈ ਦੋਸ਼ੀ ਠਹਿਰਾਇਆ, ਜਿਸ 'ਚ ਇਕ ਅਮਰੀਕੀ ਕਰਮਚਾਰੀ ਦੀ ਮੌਤ ਹੋ ਗਈ ਸੀ। ਅਮਰੀਕਾ ਨੇ ਜਵਾਬੀ ਕਾਰਵਾਈ 'ਚ ਇਰਾਕ ਅਤੇ ਸੀਰੀਆ ਸਥਿਤ ਕਤਾਇਬ ਹਿਜ਼ਬੁੱਲਾਹ ਦੀ ਫੌਜਾਂ 'ਤੇ ਹਮਲੇ ਕੀਤੇ ਜਿਨ੍ਹਾਂ 'ਚ ਲਗਭਗ 25 ਲੜਾਕੇ ਮਾਰੇ ਗਏ।

Khushdeep Jassi

This news is Content Editor Khushdeep Jassi