ਟਰੰਪ ਦਾ ਦਾਅਵਾ- ''ਚੀਨ ਮੈਨੂੰ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਰੋਕਣਾ ਚਾਹੁੰਦਾ ਹੈ''

04/30/2020 4:51:33 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਉਨ੍ਹਾਂ ਨੂੰ ਦੋਬਾਰਾ ਰਾਸ਼ਟਰਪਤੀ ਬਣਨ ਤੋਂ ਰੋਕਣਾ ਚਾਹੁੰਦਾ ਹੈ। ਉਨ੍ਹਾਂ ਨੇ ਬੁੱਧਵਾਰ ਨਿਊਜ਼ ਏਜੰਸੀ ਰਾਇਟਰ ਨੂੰ ਦਿੱਤੇ ਇੰਟਰਵਿਊ ਵਿਚ ਦਾਅਵਾ ਕੀਤਾ ਕਿ ਚੀਨ ਨਹੀਂ ਚਾਹੁੰਦਾ ਕਿ ਉਹ ਨਵੰਬਰ ਵਿਚ ਫਿਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ। ਟਰੰਪ ਨੇ ਕਿਹਾ ਚੀਨ ਮੈਨੂੰ ਰੋਕਣ ਲਈ ਕੁਝ ਵੀ ਕਰੇਗਾ। ਚੀਨ ਦਾ ਕੋਰੋਨਾ ਨਾਲ ਨਜਿੱਠਣ ਦਾ ਤਰੀਕਾ ਇਸ ਗੱਲ ਦਾ ਸਬੂਤ ਹੈ।

ਟਰੰਪ ਨੇ ਕਿਹਾ ਕਿ ਚੀਨ ਚਾਹੁੰਦਾ ਹੈ ਕਿ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਿਡੇਨ ਰਾਸ਼ਟਰਪਤੀ ਚੋਣ ਜਿੱਤਣ। ਇਸ ਨਾਲ ਅਮਰੀਕਾ ਵੱਲੋਂ ਚੀਨ ਦੇ ਵਪਾਰ 'ਤੇ ਜੋ ਦਬਾਅ ਬਣੇ ਹਨ, ਉਹ ਘੱਟ ਹੋਣਗੇ।
ਟਰੰਪ ਹਮੇਸ਼ਾ ਮਹਾਮਾਰੀ ਲਈ ਚੀਨ 'ਤੇ ਦੋਸ਼ ਲਗਾਉਂਦੇ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮਹਾਮਾਰੀ ਬਾਰੇ ਦੁਨੀਆ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ। ਹੁਣ ਤੱਕ ਕੋਰੋਨਾ ਕਾਰਨ ਅਮਰੀਕਾ ਵਿਚ 60 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਅਮਰੀਕਾ ਦੀ ਅਰਥ ਵਿਵਸਥਾ 'ਤੇ ਵੀ ਬੁਰਾ ਪ੍ਰਭਾਵ ਪਿਆ ਹੈ। 
ਟਰੰਪ ਕੋਲੋਂ ਜਦ ਇਹ ਪੁੱਛਿਆ ਗਿਆ ਕਿ ਉਹ ਚੀਨ ਦੇ ਕਰਜ਼ ਮੁਆਫੀ ਅਤੇ ਟੈਰਿਫ ਵਿਚ ਛੋਟ ਵਾਪਸ ਲੈਣ ਬਾਰੇ ਸੋਚ ਰਹੇ ਹਨ ਤਾਂ ਇਸ 'ਤੇ ਟਰੰਪ ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਮੈਂ ਕਰ ਸਕਦਾ ਹਾਂ। ਅਸੀਂ ਦੇਖ ਰਹੇ ਹਾਂ ਕਿ ਕੀ ਹੋਇਆ ਹੈ ? ਚੀਨੀ ਅਧਿਕਾਰੀ ਅਜਿਹਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦਾ ਦੇਸ਼ ਨਿਰਦੋਸ਼ ਹੈ। ਉਹ ਇਸ ਦੇ ਲਈ ਲਗਾਤਾਰ ਆਪਣੇ ਪ੍ਰਚਾਰ ਤੰਤਰ ਦੀ ਵਰਤੋਂ ਕਰ ਰਹੇ ਹਨ। 
ਇਸ ਤੋਂ ਪਹਿਲਾਂ ਵੀ ਟਰੰਪ ਚੀਨ 'ਤੇ ਨਾਰਾਜ਼ਗੀ ਪ੍ਰਗਟ ਕਰ ਚੁੱਕੇ ਹਨ। 21 ਅਪ੍ਰੈਲ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਨੇ ਕਿਹਾ ਸੀ, "ਅਸੀਂ ਚੀਨ ਨਾਲ ਕਾਫੀ ਸਮਾਂ ਪਹਿਲਾਂ ਗੱਲ ਕੀਤੀ ਸੀ। ਅਸੀਂ ਉੱਥੇ ਜਾਣਾ ਚਾਹੁੰਦੇ ਸੀ। ਇਹ ਦੇਖਣਾ ਚਾਹੁੰਦੇ ਸੀ ਕਿ ਕੀ ਹੋ ਰਿਹਾ ਹੈ। ਮੈਂ ਚੀਨ ਨਾਲ ਹੋਏ ਕਾਰੋਬਾਰੀ ਸਮਝੌਤੇ ਤੋਂ ਕਾਫੀ ਖੁਸ਼ ਸੀ ਫਿਰ ਸਾਨੂੰ ਵਾਇਰਸ ਬਾਰੇ ਪਤਾ ਲੱਗਾ ਅਤੇ ਤਦ ਤੋਂ ਮੈਂ ਖੁਸ਼ ਨਹੀਂ ਹਾਂ। ਟਰੰਪ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੀ ਜਾਂਚ ਲਈ ਮਾਹਰਾਂ ਦੀ ਇਕ ਟੀਮ ਚੀਨ ਭੇਜਣਾ ਚਾਹੁੰਦੇ ਹਨ। ਇਕ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਚੀਨ ਨੇ ਜਾਣ-ਬੁੱਝ ਕੇ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਤੋਂ ਕੋਰੋਨਾ ਵਾਇਰਸ ਨਿਕਲਿਆ ਹੈ ਜਾਂ ਨਹੀਂ ਇਸ ਦਾ ਪਤਾ ਲਗਾਉਣ ਲਈ ਅਮਰੀਕਾ ਨੇ ਵੀ ਜਾਂਚ ਸ਼ੁਰੂ  ਕਰ ਦਿੱਤੀ ਹੈ। 


 

Sanjeev

This news is Content Editor Sanjeev